ਕਿਸਾਨਾਂ ਲਈ ਰਾਹ ਦਸੇਰਾ ਬਣਿਆ ਇੱਕ ਖੇਤੀ ਅਫਸਰ


ਪਠਾਨਕੋਟ (ਨਵਾਂ ਜ਼ਮਾਨਾ ਸਰਵਿਸ)
ਕਿਸਾਨ ਕੋਲ ਫਸਲ ਤਾਂ ਕੱਖ ਦੀ ਹੁੰਦੀ ਹੈ, ਜਦੋਂਕਿ ਵਪਾਰੀ ਕੋਲ ਕਿਸਾਨ ਦੀ ਫਸਲ ਜਾ ਕੇ ਲੱਖ ਦੀ ਬਣ ਜਾਂਦੀ ਹੈ। ਇਹ ਗੱਲ ਅੱਜ ਦੇ ਸਮੇਂ ਬਿਲਕੁੱਲ ਢੁੱਕਵੀਂ ਹੈ। ਕਿਸਾਨ ਆਪਣਾ ਖੂਨ-ਪਸੀਨਾ ਵਹਾ ਕੇ ਤੇ ਸਾਰਾ ਖਰਚਾ ਕਰਕੇ ਫਸਲ ਦੀ ਪੈਦਾਵਾਰ ਕਰਦਾ ਹੈ, ਪਰ ਉਸ ਦੀ ਹਾਲਤ ਇਹ ਹੈ ਕਿ ਉਸ ਨੂੰ ਆਪਣੀ ਫਸਲ ਦੀ ਲਾਗਤ ਤੱਕ ਨਹੀਂ ਮਿਲ ਪਾਉਂਦੀ, ਪਰ ਇਹੀ ਫਸਲ ਵਿਹਲੇ ਬੈਠੇ ਵਪਾਰੀ ਲਈ ਲੱਖਾਂ ਦੀ ਹੋ ਜਾਂਦੀ ਹੈ। ਵਪਾਰੀ ਜਾਂ ਵਿਚੋਲੀਏ ਦਾ ਫਸਲ 'ਤੇ ਕੋਈ ਖਰਚਾ ਨਹੀਂ ਹੁੰਦਾ, ਉਹ ਬੈਠਾ-ਬੈਠਾ ਹੀ ਚੋਖੀ ਕਮਾ ਕਰ ਲੈਂਦਾ ਹੈ। ਵਪਾਰੀ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰ ਰਹੇ ਹਨ, ਜਦਕਿ ਫਸਲ ਦੀ ਪੈਦਾਵਾਰ ਕਰਨ ਵਾਲਾ ਕਿਸਾਨ ਖਦੁਕੁਸ਼ੀ ਕਰ ਰਿਹਾ ਹੈ। ਇਸ ਕੜੀ ਨੂੰ ਤੋੜਨ ਲਈ ਮਿਹਨਤਕਸ਼ ਖੇਤੀਬਾੜੀ ਅਫਸਰ ਅਮਰੀਕ ਸਿੰਘ ਨੇ ਇੱਕ ਪਹਿਲ ਕੀਤੀ ਹੈ, ਜਿਹੜੀ ਕਿ ਕਿਸਾਨਾਂ ਲ਼ਈ ਸੌਗਾਤ ਬਣ ਗਈ ਹੈ।
ਇਸ ਅਫਸਰ ਨੇ ਕਿਸਾਨਾਂ ਦੀ ਮੰਡੀਕਰਨ ਦੀ ਸਮੱਸਿਆ ਨੂੰ ਹੱਲ ਕਰਨ ਤੇ ਸਿੱਧਾ ਗਾਹਕ ਨਾਲ ਜੁੜ ਕੇ ਚੋਖੀ ਕਮਾਈ ਕਰਨ ਲਈ 'ਖੇਤ ਤੋਂ ਘਰ ਤੱਕ' ਦਾ ਨਵਾਂ ਰਾਹ ਲੱਭਿਆ ਹੈ, ਜਿਸ ਦੀ ਬਹੁਤ ਵਧੀਆ ਉਦਾਹਰਣ ਪਠਾਨਕੋਟ ਵਿੱਚ ਦੇਖਣ ਨੂੰ ਮਿਲਦੀ ਹੈ ।ਇਸ ਵਿੱਚ www.farmtohome.net ਵੈੱਬਸਾਈਟ ਲਾਂਚ ਕੀਤੀ ਗਈ। ਮੋਬਾਇਲ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਅਤੇ ਨੌਜਵਾਨ ਕਿਸਾਨਾਂ ਦੀ ਸਹੂਲਤ ਲਈ ਮੋਬਾਇਲ ਐਪ farmtohome pathankot ਲਾਂਚ ਕੀਤੀ ਗਈ। ਵੈੱਬਸਾਈਟ ਅਤੇ ਐਪ ਲਾਂਚ ਕਰਨ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਨੂੰ ਖੇਤੀ ਪਦਾਰਥਾਂ ਦੀ ਆਨਲਾਈਨ ਖ੍ਰੀਦੋ-ਫਰੋਖ਼ਤ ਦੀ ਸਹੂਲਤ ਦੇਣਾ ਸੀ। ਫਾਰਮ-ਟੂ-ਹੋਮ ਵੈਬਸਾਈਟ ਨੂੰ ਜਲਦੀ ਰਾਜ ਪੱਧਰ 'ਤੇ ਲਾਂਚ ਕੀਤਾ ਜਾ ਰਿਹਾ ਹੈ।
ਅੱਜ ਤੱਕ ਦੇਸੀ ਮੱਕੀ, ਸ਼ਹਿਦ ਅਤੇ ਹਲਦੀ ਦੀ ਖਰੀਦੋ-ਫਰੋਖਤ ਆਨਲਾਈਨ ਤਕਰੀਬਨ ਇੱਕ ਲੱਖ ਪੰਜਤਾਲੀ ਹਜ਼ਾਰ ਰੁਪਏ ਦੇ ਮੁੱਲ ਦੀ ਹੋਈ ਹੈ। ਸਿੱਧੇ ਮੰਡੀਕਰਨ ਨੂੰ ਹੋਰ ਉਤਸ਼ਾਹਤ ਕਰਨ ਲਈ 18 ਦਸੰਬਰ 2016 ਨੂੰ ਕਿਸਾਨ ਬਾਜ਼ਾਰ ਦੀ ਸ਼ੁਰੂਆਤ ਰਾਮ ਲੀਲ੍ਹਾ ਗਰਾਉਂਡ ਪਠਾਨਕੋਟ ਤੋਂ ਕੀਤੀ ਗਈ। ਕਿਸਾਨ ਬਾਜ਼ਾਰ ਦਾ ਮੁੱਖ ਮਕਸਦ ਕਿਸਾਨਾਂ ਦੁਆਰਾ ਪੈਦਾ ਕੀਤੇ ਖੇਤੀ ਪਦਾਰਥ, ਜਿਵੇਂ ਸਬਜ਼ੀਆਂ, ਸ਼ਹਿਦ, ਦਾਲਾਂ, ਗੁੜ, ਦੁੱਧ ਪਦਾਰਥ, ਆਚਾਰ, ਚਟਨੀ, ਸੁਕੈਸ਼, ਅੰਬ ਪਾਪੜ, ਆਦਿ ਨੂੰ ਕਿਸਾਨ ਖੁਦ ਖਪਤਕਾਰਾਂ ਨੂੰ ਵੇਚਣ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਖਪਤਕਾਰਾਂ ਨੂੰ ਵਾਜਬ ਭਾਅ 'ਤੇ ਮਿਆਰੀ ਖੇਤੀ ਪਦਾਰਥ ਮੁਹੱਈਆ ਕਰਵਾਏ ਜਾ ਸਕਣ।
ਇਹ ਕਿਸਾਨ ਬਾਜ਼ਾਰ ਹਰੇਕ ਐਤਵਾਰ ਸ਼ਾਮ ਨੂੰ ਦਫਤਰ ਖੇਤੀਬਾੜੀ ਅਫਸਰ ਦੇ ਵਿਹੜੇ ਵਿੱਚ ਲਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦੀ ਮੰਗ 'ਤੇ ਹੁਣ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਨੂੰ ਵੀ ਕਿਸਾਨ ਬਾਜ਼ਾਰ ਲਗਾਇਆ ਜਾ ਰਿਹਾ ਹੈ। ਪਠਾਨਕੋਟ ਦਾ ਕਿਸਾਨ ਬਾਜ਼ਾਰ ਸਫਲ ਹੋਣ ਉਪਰੰਤ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਹਰੇਕ ਐਤਵਾਰ ਨੂੰ ਕਿਸਾਨ ਬਾਜ਼ਾਰ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ ਬਾਜ਼ਾਰ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨੇ ਪਛਾਣ ਪੱਤਰ ਜਾਰੀ ਕੀਤੇ ਹਨ, ਤਾਂ ਜੋ ਰੇਹੜੀ ਵਾਲੇ ਕਾਰੋਬਾਰੀ ਘੁਸਪੈਠ ਨਾ ਕਰ ਸਕਣ।ਖਪਤਕਾਰਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਫਸਲਾਂ, ਸਬਜ਼ੀਆਂ ਅਤੇ ਫਲਾਂ ਉੱਪਰ ਕਿਸੇ ਗ਼ੈਰ-ਸਿਫਾਰਸ਼ਸ਼ੁਦਾ ਕੀਟ ਨਾਸ਼ਕ ਦਾ ਛਿੜਕਾਅ ਨਾ ਕਰਨ। ਭਵਿੱਖ ਵਿੱਚ ਜੈਵਿਕ/ ਕੁਦਰਤੀ ਤਰੀਕੇ ਨਾਲ ਪੈਦਾ ਕੀਤੀਆਂ ਸਬਜ਼ੀਆਂ ਅਤੇ ਫਸਲਾਂ ਦੀ ਵਿਕਰੀ ਵੀ ਕਿਸਾਨ ਬਾਜ਼ਾਰ ਵਿੱਚ ਸ਼ੁਰੂ ਕਰਵਾਈ ਜਾਵੇਗੀ।ਸਬਜ਼ੀ ਉਤਪਾਦਕਾਂ ਨੂੰ ਸਿਰਫ ਇੱਕ ਸਬਜ਼ੀ ਦੀ ਕਾਸ਼ਤ ਕਰਨ ਦੀ ਬਜਾਏ ਖੇਤ ਨੂੰ ਵੰਡ ਕੇ ਮੌਸਮ ਅਨੁਸਾਰ ਹਰੇਕ ਤਰ੍ਹਾਂ ਦੀ ਸਬਜ਼ੀ ਦੀ ਕਾਸ਼ਤ ਕਰਨੀ ਚਾਹੀਦੀ ਹੈ, ਤਾਂ ਜੋ ਕਿਸੇ ਇੱਕ ਫਸਲ ਦੇ ਫੇਲ੍ਹ ਜਾਂ ਮੁੱਲ ਘੱਟ ਮਿਲਣ 'ਤੇ ਦੂਜੀ ਸਬਜ਼ੀ ਦੀ ਫਸਲ ਭਰਪਾਈ ਕਰ ਸਕੇ। ਸਬਜ਼ੀਆਂ ਦੀ ਪੈਕਿੰਗ ਕਰਕੇ ਸ਼ਹਿਰਾਂ ਵਿੱਚ ਬਣੇ ਮਾਲਜ਼ ਵਿੱਚ ਜ਼ਰੂਰਤ ਅਨੁਸਾਰ ਸਪਲਾਈ ਕੀਤੀ ਜਾ ਸਕਦੀ ਹੈ।
ਸ਼ਰਿੰਕ ਪੈਕਿੰਗ ਦੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ ਦਿੱਤੀ ਜਾਦੀ ਹੈ। ਹਲਦੀ, ਦਾਲਾਂ, ਚੌਲ, ਦਲੀਆ, ਦੇਸੀ ਮੱਕੀ ਦੇ ਆਟੇ ਦੀ ਛੋਟੀ, ਦਰਮਿਆਨੀ ਅਤੇ ਵੱਡੀ ਪੈਕਿੰਗ ਕਰਕੇ ਬਾਜ਼ਾਰ ਦੇ ਥੋਕ ਮੁੱਲ ਤੋਂ ਵੱਧ ਪਰਚੂਨ ਮੁੱਲ ਤੋਂ ਘੱਟ ਮੁੱਲ 'ਤੇ ਵੇਚੀ ਜਾ ਸਕਦੀ ਹੈ। ਗੁੜ, ਸ਼ਹਿਦ, ਦੁੱਧ ਪਦਾਰਥ ਦੀ ਵਧੀਆ ਡੱਬਾਬੰਦੀ ਕਰਕੇ ਵੇਚੀ ਜਾ ਸਕਦੀ ਹੈ। ਕਿਸਾਨ ਬੀਬੀਆਂ ਘਰਾਂ ਵਿੱਚ ਰਹਿ ਕੇ ਵੜੀਆਂ, ਪਾਪੜ, ਸੇਵੀਆਂ, ਮਸਾਲੇ, ਸਜਾਵਟੀ ਵਸਤਾਂ ਆਦਿ ਬਣਾ ਕੇ ਵੇਚ ਕੇ ਆਪਣੇ ਪਰਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ।