ਸ਼ਰਦ ਯਾਦਵ ਦੀ ਰਾਜ ਸਭਾ 'ਚੋਂ ਪਾਰਟੀ ਆਗੂ ਦੇ ਅਹੁਦੇ ਤੋਂ ਛੁੱਟੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜਨਤਾ ਦਲ (ਯੂ) ਨੇ ਸੀਨੀਅਰ ਆਗੂ ਸ਼ਰਦ ਯਾਦਵ ਵਿਰੁੱਧ ਸਖ਼ਤ ਰੁਖ ਅਪਨਾਉਂਦਿਆਂ ਉਨ੍ਹਾ ਨੂੰ ਰਾਜ ਸਭਾ 'ਚ ਪਾਰਟੀ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਅੱਜ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਅਤੇ ਦੋ ਲੋਕ ਸਭਾ ਮੈਬਰਾਂ ਨੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੂੰ ਮਿਲ ਕੇ ਇੱਕ ਪੱਤਰ ਰਾਹੀਂ ਪਾਰਟੀ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਭਾ 'ਚ ਸ਼ਰਦ ਯਾਦਵ ਦੀ ਥਾਂ ਹੁਣ ਪਾਰਟੀ ਦੇ ਸੰਸਦ ਮੈਂਬਰ ਰਾਮ ਚੰਦਰ ਪ੍ਰਸਾਦ ਸਿੰਘ ਜਨਤਾ ਦਲ (ਯੂ) ਦੇ ਆਗੂ ਹੋਣਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ਰਦ ਯਾਦਵ ਦੇ ਨਜ਼ਦੀਕੀ ਸਮਝੇ ਜਾਂਦੇ ਸੰਸਦ ਮੈਂਬਰ ਅਲੀ ਅਨਵਰ ਨੂੰ ਸੰਸਦੀ ਬੋਰਡ 'ਚੋਂ ਹਟਾ ਦਿੱਤਾ ਗਿਆ। ਪਾਰਟੀ ਸੂਤਰਾਂ ਅਨੁਸਾਰ ਅਲੀ ਅਨਵਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸੱਦੀ ਗਈ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ 'ਚ ਹਿੱਸਾ ਲਿਆ ਸੀ, ਜਿਸ ਕਰਕੇ ਉਨ੍ਹਾ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਸ਼ਰਦ ਯਾਦਵ ਇਸ ਵੇਲੇ ਬਿਹਾਰ ਦੇ ਤਿੰਨ ਦਿਨਾ ਦੌਰੇ 'ਤੇ ਹਨ ਅਤੇ ਪਾਰਟੀ 'ਚ ਆਪਣੇ ਭਵਿੱਖ ਨੂੰ ਲੈ ਕੇ ਪਾਰਟੀ ਆਗੂਆਂ ਅਤੇ ਆਪਣੇ ਹਮਾਇਤੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।
ਲੱਗਦਾ ਹੈ ਕਿ ਸ਼ਰਦ ਯਾਦਵ ਦੀ ਪਾਰਟੀ 'ਚੋਂ ਛੁੱਟੀ ਹੁਣ ਸਿਰਫ਼ ਖਾਨਾਪੂਰਤੀ ਹੀ ਰਹਿ ਗਈ ਹੈ।