ਗੋਰਖਪੁਰਾ ਹਾਦਸਾ; ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸੂਬਾ ਸਰਕਾਰ ਤੋਂ ਰਿਪੋਰਟ ਤਲਬ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗੋਰਖਪੁਰ ਦੇ ਬੀ ਆਰ ਡੀ ਮੈਡੀਕਲ ਕਾਲਜ ਹਸਪਤਾਲ 'ਚ ਵੱਡੀ ਗਿਣਤੀ 'ਚ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਸੰਬੰਧ 'ਚ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਤੋਂ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਕਈ ਮੀਡੀਆ ਰਿਪੋਰਟਾਂ 'ਚ ਆਕਸੀਜਨ ਦੀ ਸਪਲਾਈ 'ਚ ਲਾਪਰਵਾਹੀ ਨੂੰ ਹਾਦਸੇ ਦਾ ਮੁੱਖ ਕਾਰਨ ਦੱਸੇ ਜਾਣ ਮਗਰੋਂ ਕਮਿਸ਼ਨ ਨੇ ਮਾਮਲੇ ਦਾ ਆਪਣੇ ਤੌਰ 'ਤੇ ਨੋਟਿਸ ਲਿਆ ਹੈ। ਕਮਿਸ਼ਨ ਨੇ ਯੂ ਪੀ ਨੂੰ ਪੁੱਛਿਆ ਹੈ ਕਿ ਹਾਦਸੇ 'ਚ ਕਿੰਨੇ ਬੱਚਿਆਂ ਦੀ ਮੌਤ ਹੋਈ ਅਤੇ ਸੂਬਾ ਸਰਕਾਰ ਵੱਲੋਂ ਪੀੜਤ ਪਰਵਾਰ ਦੀ ਰਾਹਤ ਅਤੇ ਪੁਨਰਵਾਸ ਲਈ ਕੀ ਕਦਮ ਚੁੱਕੇ ਗਏ ਅਤੇ ਮਾਮਲੇ 'ਚ ਦੋਸ਼ੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ। ਉੱਤਰ ਪ੍ਰਦੇਸ਼ ਸਰਕਾਰ ਨੂੰ ਚਾਰ ਹਫ਼ਤਿਆਂ ਅੰਦਰ ਨੋਟਿਸ ਦਾ ਜੁਆਬ ਦੇਣ ਲਈ ਕਿਹਾ ਗਿਆ ਹੈ।
ਕਮਿਸ਼ਨ ਨੇ ਕਿਹਾ ਕਿ ਕਿਸੇ ਸਰਕਾਰੀ ਹਸਪਤਾਲ 'ਚ ਇੰਨੀ ਵੱਡੀ ਗਿਣਤੀ 'ਚ ਮੌਤਾਂ ਦਾ ਮਾਮਲਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਬੇਹੱਦ ਗੰਭੀਰ ਮਾਮਲਾ ਹੈ। ਇਸ ਤੋਂ ਪਹਿਲਾਂ ਵੀ ਕਈ ਹਸਪਤਾਲਾਂ 'ਚ ਜਪਾਨੀ ਇੰਸੇਫਲਾਈਟਿਸ ਨਾਲ ਮੌਤਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਉਧਰ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਆਪਣੇ ਤੌਰ 'ਤੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਪਟੀਸ਼ਨਰ ਨੂੰ ਹਾਈ ਕੋਰਟ 'ਚ ਜਾਣ ਲਈ ਕਿਹਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਖੁਦ ਮਾਮਲੇ ਨੂੰ ਦੇਖ ਰਹੇ ਹਨ ਅਤੇ ਅਸੀਂ ਟੀ ਵੀ 'ਤੇ ਉਨ੍ਹਾ ਨੂੰ ਹਸਪਤਾਲ ਦਾ ਦੌਰਾ ਕਰਦਿਆਂ ਦੇਖਿਆ ਹੈ। ਉਨ੍ਹਾ ਕਿਹਾ ਕਿ ਮਾਮਲਾ ਸੂਬੇ ਦੇ ਇੱਕ ਹਸਪਤਾਲ ਦਾ ਹੈ, ਇਸ ਲਈ ਪਟੀਸ਼ਨਰ ਨੂੰ ਸੰਬੰਧਤ ਹਾਈ ਕੋਰਟ 'ਚ ਜਾਣਾ ਚਾਹੀਦਾ ਹੈ।