Latest News
ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਨੂੰ ਪੀਣ ਲਈ ਦਿੱਤਾ ਜਾਵੇਗਾ ਨਹਿਰੀ ਪਾਣੀ : ਮੁੱਖ ਮੰਤਰੀ

Published on 14 Aug, 2017 09:13 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੱਗਭੱਗ ਸਾਰੇ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਡਾਰਕ ਜ਼ੋਨ ਦੇ ਘੇਰੇ ਵਿੱਚ ਆ ਜਾਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸ਼ਹਿਰਾਂ ਨੂੰ ਆਉਣ ਵਾਲੇ ਸਮੇਂ ਵਿਚ ਨਹਿਰੀ ਪਾਣੀ ਸਾਫ਼ ਕਰਕੇ ਪੀਣ ਲਈ ਦਿੱਤਾ ਜਾਵੇਗਾ, ਜਿਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਉਥੇ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਤੋਂ ਵੀ ਮੁਕਤੀ ਮਿਲੇਗੀ। ਇਸੇ ਤਰ੍ਹਾਂ ਉਹਨਾਂ ਅੰਮ੍ਰਿਤਸਰ ਲਈ ਕਈ ਕਲਿਆਣਕਾਰੀ ਅਤੇ ਵਿਕਾਸ ਸਕੀਮਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਕੜੀ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਬਿਆਸ ਦਰਿਆ ਤੋਂ ਪਾਣੀ ਦੀ ਸਪਲਾਈ ਪ੍ਰਣਾਲੀ ਮੁਹੱਈਆ ਕਰਾਉਣ ਲਈ 3,000 ਕਰੋੜ ਜਾਰੀ ਕਰ ਦਿੱਤੇ ਗਏ ਹਨ ਅਤੇ ਛੇਤੀ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੈਸੇ ਤਾਂ ਪੂਰੇ ਦੇਸ਼ ਵਿੱਚ ਹੀ ਪਾਣੀ ਦੀ ਬਹੁਤ ਕਿੱਲਤ ਪਾਈ ਜਾ ਰਹੀ ਹੈ ਤੇ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਕਾਫੀ ਪ੍ਰਦੂਸ਼ਤਿ ਹੋ ਗਿਆ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਪਾਣੀ 50 ਫੁੱਟ ਹੀ ਬਜਾਇ 500 ਫੁੱਟ ਥੱਲੇ ਚਲਾ ਗਿਆ ਹੈ, ਜਿਸ ਨੂੰ ਕੱਢਣ ਲਈ ਵੀ ਕਾਫੀ ਖਰਚਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਾਣੀ ਦਾ ਪਾਣੀ ਬਗੈਰ ਜੀਵਨ ਨਹੀਂ ਹੈ ਤੇ ਸਾਫ ਪਾਣੀ ਤੋਂ ਬਗੈਰ ਤਾਂ ਕਈ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਦੀ ਆਰਥਿਕ ਹਾਲਤ ਕਾਫੀ ਮਾੜੀ ਹੈ, ਫਿਰ ਵੀ ਪੰਜਾਬ ਸਰਕਾਰ ਨੇ ਚਾਰ ਸ਼ਹਿਰਾਂ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਲਈ 3000 ਕਰੋੜ ਰੁਪਏ ਦੇ ਦਿੱਤੇ ਹਨ ਤੇ ਇਸ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਸ਼ਹਿਰ ਲਈ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਪਾਣੀ ਦੀ ਬੱਚਤ ਲਈ ਉਹ ਝੋਨੇ ਦੀ ਫਸਲ ਦਾ ਰਕਬਾ ਘੱਟ ਕਰਨ ਲਈ ਯਤਨਸ਼ੀਲ ਹਨ, ਪਰ ਇਸ ਤਂੋ ਪਹਿਲਾਂ ਬਦਲਵੀਆਂ ਫਸਲਾਂ ਦੀ ਮਾਰਕੀਟਿੰਗ ਦਾ ਪ੍ਰਬੰਧ ਕਰਨਾ ਜ਼ਰੂਰੀ ਹੋਵੇਗਾ। ਉਹਨਾਂ ਕਿਹਾ ਕਿ ਝੋਨੇ ਦੇ ਮੁਕਾਬਲੇ ਬਾਕੀ ਫਸਲਾਂ ਸਿੰਚਾਈ ਲਈ ਘੱਟ ਪਾਣੀ ਮੰਗਦੀਆਂ ਹਨ।
ਅੰਮ੍ਰਿਤਸਰ ਦੇ ਵਿਕਾਸ ਲਈ 556.90 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਨਵੇਂ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 200 ਕਰੋੜ ਰੁਪਏ ਦੇ ਨਿਵੇਸ਼ ਨਾਲ ਸਮਾਰਟ ਸਿਟੀ ਵਜੋਂ ਸ਼ਹਿਰ ਨੂੰ ਵਿਕਸਿਤ ਕਰਨਾ, ਅੰਮ੍ਰਿਤਸਰ-ਭਿਖੀਵਿੰਡ ਸੜਕ ਨੂੰ ਬੋਹੜੂ ਪਿੰਡ ਤੱਕ ਦੋ ਮਾਰਗੀ ਕਰਨਾ, ਬਾਬਾ ਬੁੱਢਾ ਸਾਹਿਬ ਤੱਕ ਮਾਤਾ ਗੰਗਾ ਦੇ ਨਾਂਅ ਉੱਤੇ ਨਹਿਰ ਦੇ ਨਾਲ-ਨਾਲ ਨਵੀਂ ਸੜਕ ਦਾ ਨਿਰਮਾਣ ਕਰਨਾ, ਵੱਲ੍ਹਾ ਵਿਖੇ ਰੇਲਵੇ ਓਵਰਬ੍ਰਿਜ ਅਤੇ ਪੁਤਲੀਘਰ ਚੌਕ ਵਿਖੇ ਪੁਲ ਦਾ ਨਿਰਮਾਣ ਸ਼ਾਮਿਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਤਰਜੀਹ ਦੇ ਆਧਾਰ 'ਤੇ ਹੋਵੇਗਾ ਅਤੇ ਅੱਜ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਗੁਰੂ ਕੀ ਨਗਰੀ ਤੋਂ ਇਸ ਦੀ ਸ਼ੁਰੂਆਤ ਕਰ ਰਹੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਅੰਮ੍ਰਿਤਸਰ ਵਿੱਚ ਫਾਇਰ ਸਰਵਿਸ ਦਾ ਰਾਜ ਪੱਧਰੀ ਡਾਇਰੈਕਟੋਰੇਟ ਸਥਾਪਤ ਕਰਨ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਮਿਊਂਸੀਪਲ ਬਾਡੀਜ਼ ਦੇ ਪੁਰਾਣੇ ਕਿਰਾਏਦਾਰਾਂ ਨੂੰ ਰਿਹਾਇਸ਼ੀ ਅਤੇ ਵਪਾਰਕ ਸੰਪਤੀਆਂ ਦੇ ਮਾਲਕਨਾਂ ਅਧਿਕਾਰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪਾਣੀ ਤੇ ਸੀਵਰੇਜ ਚਾਰਜ ਅਤੇ ਜਾਇਦਾਦ ਦੇ ਹਾਊਸ ਟੈਕਸ ਦੇ ਪੁਰਾਣੇ ਬਕਾਏ ਦਾ ਵੀ ਯਕਮੁਸ਼ਤ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਸਾਰੀਆਂ ਸੇਵਾਵਾਂ ਬਿਨਾਂ ਕਿਸੇ ਖੱਜਲ-ਖੁਆਰੀ ਦੇ ਸਮੇਂ ਸਿਰ ਦੇਣ ਲਈ ਦ੍ਰਿੜ੍ਹ ਹੈ ਅਤੇ ਛੇਤੀ ਹੀ ਅੰਮ੍ਰਿਤਸਰ ਵਿੱਚ ਜ਼ਿਆਦਾਤਰ ਸੇਵਾਵਾਂ ਮੋਬਾਇਲ 'ਤੇ ਮਿਲਣ ਲੱਗਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਦੀਆਂ ਆ ਰਹੀਆਂ ਚੋਣਾਂ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਂਆਂ ਰੱਖੀਆਂ ਜਾਣਗੀਆਂ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਬੇਘਰੇ ਲੋਕਾਂ ਲਈ ਘਰਾਂ ਦਾ ਨਿਰਮਾਣ ਸ਼ਹਿਰੀ ਆਵਾਸ ਯੋਜਨਾ ਤਹਿਤ ਕਰਵਾਇਆ ਜਾਵੇਗਾ। ਇਸ ਲਈ ਵਿਸ਼ਵ ਪੱਧਰ ਦੀਆਂ ਕੰਪਨੀਆਂ ਕੋਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਫਲੈਟ ਤਿਆਰ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਜੋੜਾ ਫਾਟਕ ਵਿਖੇ 15 ਕਰੋੜ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ, ਸੰਤ ਸਿੰਘ ਸੁੱਖਾ ਸਿੰਘ ਚੌਕ ਵਿਖੇ 40 ਕਰੋੜ ਦੀ ਲਾਗਤ ਨਾਲ ਫਲਾਈ ਓਵਰ, ਭੰਡਾਰੀ ਪੁਲ ਦੇ ਵਾਧੇ ਲਈ 20 ਕਰੋੜ, ਰਣਜੀਤ ਐਵੀਨਿਊ ਵਿੱਚ 25 ਏਕੜ ਥਾਂ ਉੱਤੇ ਬਹੁ-ਮੰਤਵੀ ਖੇਡ ਸਟੇਡੀਅਮ ਬਣਾਉਣ ਲਈ 35 ਕਰੋੜ ਰੁਪਏ, ਦੁਰਗਿਆਣਾ ਮੰਦਰ ਦੇ ਸੁੰਦਰੀਕਰਨ ਲਈ 25 ਕਰੋੜ ਰੁਪਏ, ਹਾਲਗੇਟ ਤੋਂ ਟਾਊਨ ਹਾਲ ਅਤੇ ਪਿੰਕ ਪਲਾਜਾ ਤੱਕ ਫਸਾਡ ਦੇ ਨਿਰਮਾਣ ਲਈ 30 ਕਰੋੜ, ਸ਼ਹਿਰ ਵਿੱਚ 17 ਵੱਖ-ਵੱਖ ਥਾਵਾਂ ਉੁੱਤੇ ਪਬਲਿਕ ਟਾਇਲੈਟਸ ਬਣਾਉਣ ਲਈ 3 ਕਰੋੜ 40 ਲੱਖ ਰੁਪਏ ਅਤੇ ਘਿਓ ਮੰਡੀ ਵਿਖੇ ਸਲਿਪ ਰੋਡ ਅਤੇ ਚੌਕ ਬਣਾਉਣ ਲਈ 3 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਕੈਰੋਂ ਮਾਰਕੀਟ, ਮੱਛੀ ਮੰਡੀ, ਪੁਰਾਣੀ ਟੈਲੀਫੋਨ ਐਕਸਚੇਂਜ ਅਤੇ ਹਾਲਗੇਟ ਨੇੜੇ ਬਹੁ-ਮੰਜ਼ਲੀ ਪਾਰਕਿੰਗ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨਵੀਨ ਠੁਕਰਾਲ, ਓ.ਐੱਸ.ਡੀ. ਜਗਦੀਪ ਸਿੰਘ ਸਿੱਧੂ, ਕੈਪਟਨ ਸੰਦੀਪ ਸੰਧੂ, ਬਾਵਾ ਸੰਧੂ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਓ.ਪੀ. ਸੋਨੀ, ਡਾ: ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਤਰਸੇਮ ਸਿੰਘ ਡੀ.ਸੀ., ਸੁਖਵਿੰਦਰ ਸਿੰਘ ਡੈਨੀ ਬੁੰਡਾਲਾ, ਹਰਮਿੰਦਰ ਸਿੰਘ ਗਿੱਲ (ਸਾਰੇ ਵਿਧਾਇਕ), ਲਾਲੀ ਮਜੀਠੀਆ, ਮਮਤਾ ਦੱਤਾ, ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਗੁਰਦੇਵ ਸਿੰਘ ਝੀਤਾ, ਜਸਵਿੰਦਰ ਸਿੰਘ ਰਮਦਾਸ (ਸਾਬਕਾ ਡੀ ਡੀ ਪੀ ਓ), ਇੰਦਰਜੀਤ ਸਿੰਘ ਬਾਸਰਕੇ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।

258 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper