2022 ਤੱਕ ਨਿਊ ਇੰਡੀਆ ਦਾ ਟੀਚਾ : ਕੋਵਿੰਦ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਆਜ਼ਾਦੀ ਦੀ ਵਧਾਈ ਦਿੰਦਿਆਂ 2022 ਤੱਕ ਨਿਊ ਇੰਡੀਆ ਦਾ ਟੀਚਾ ਹਾਸਲ ਕਰਨ ਲਈ ਜੁਟ ਜਾਣ ਲਈ ਕਿਹਾ ਹੈ।
ਆਜ਼ਾਦੀ ਦਿਵਸ ਦੀ ਪੂਰਬ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕੋਵਿੰਦ ਨੇ ਲੋਕਾਂ ਨੂੰ ਦੇਸ਼ ਨਿਰਮਾਣ ਦੇ ਕੰਮ 'ਚ ਜੁਟ ਜਾਣ ਦੀ ਅਪੀਲ ਕਰਦਿਆਂ ਜੀ ਐਸ ਟੀ ਨੂੰ ਪ੍ਰਵਾਨ ਕਰਨ ਲਈ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕ ਟੈਕਸ ਦੇਣ 'ਚ ਮਾਣ ਮਹਿਸੂਸ ਕਰਨ। ਟੈਕਸ ਰਾਹੀਂ ਸਰਕਾਰ ਕੋਲ ਪੁੱਜਾ ਪੈਸਾ ਦੇਸ਼ ਦੇ ਵਿਕਾਸ ਅਤੇ ਦੇਸ਼ ਦੀ ਸੁਰੱਖਿਆ 'ਤੇ ਖਰਚ ਹੁੰਦਾ ਹੈ।
ਸਾਲ 2022 ਤੱਕ ਨਿਊ ਇੰਡੀਆ ਦਾ ਟੀਚਾ ਦੱਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਨਿਊ ਇੰਡੀਆ 'ਚ ਗਰੀਬੀ ਲਈ ਕੋਈ ਥਾਂ ਨਹੀਂ। ਉਨ੍ਹਾ ਕਿਹਾ ਕਿ ਨਿਊ ਇੰਡੀਆ 'ਚ ਧਰਮ ਦੇ ਆਧਾਰ 'ਤੇ ਭੇਦਭਾਵ ਦੀ ਕੋਈ ਗੁੰਜਾਇਸ਼ ਨਹੀਂ।
ਦੇਸ਼ ਦੀ ਆਜ਼ਾਦੀ 'ਚ ਆਜ਼ਾਦੀ ਘੁਲਾਟੀਆਂ, ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਦਿਆਂ ਕੋਵਿੰਦ ਨੇ ਕਿਹਾ ਕਿ ਉਸ ਦੀਆਂ ਕੁਰਬਾਨੀਆਂ ਸਦਕਾ 70 ਸਾਲ ਪਹਿਲਾਂ ਦੇਸ਼ ਦੀ ਆਜ਼ਾਦੀ ਦਾ ਸੁਪਨਾ ਪੂਰਾ ਹੋਇਆ। ਆਜ਼ਾਦੀ ਤੋਂ ਬਾਅਦ ਵੀ ਜਿੱਥੇ ਮਹਾਤਮਾ ਗਾਂਧੀ ਨੇ ਰਾਸ਼ਟਰ ਨਿਰਮਾਣ 'ਤੇ ਜ਼ੋਰ ਦਿੱਤਾ ਉਥੇ ਪੰਡਤ ਜਵਾਹਰ ਲਾਲ ਨਹਿਰੂ ਨੇ ਤਕਨੀਕ ਦੀ ਵਰਤੋਂ 'ਤੇ ਜ਼ੋਰ ਦਿੱਤਾ, ਜਿਸ ਨਾਲ ਦੇਸ਼ ਅੱਗੇ ਵਧਿਆ।
ਆਪਣੀ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾ ਨੇ ਨੋਟਬੰਦੀ ਮਗਰੋਂ ਲੋਕਾਂ ਵੱਲੋਂ ਦਿਖਾਏ ਗਏ ਸੰਜਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਲੋਕਾਂ ਨੇ ਜਾਲ੍ਹੀ ਕਰੰਸੀ 'ਤੇ ਰੋਕ ਲਈ ਸਰਕਾਰ ਵੱਲੋਂ ਲਏ ਗਏ ਫੈਸਲੇ ਦੀ ਪੂਰੀ ਹਮਾਇਤ ਕੀਤੀ।
ਸਵੱਛਤਾ ਮੁਹਿੰਮ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦਾ ਮਕਸਦ ਦੇਸ਼ 'ਚ ਸਫਾਈ ਅਤੇ ਦੇਸ਼ ਨੂੰ ਖੁੱਲ੍ਹੇ 'ਚ ਸੌਚ ਤੋਂ ਮੁਕਤ ਕਰਨਾ ਹੈ। ਉਸ ਨੇ ਦੇਸ਼ ਵਾਸੀਆਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।
ਉਨ੍ਹਾ ਨੇ ਨਿਊ ਇੰਡੀਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਮਤਲਬ ਹੁਣ ਤੋਂ ਅੱਗੇ ਵਧਣਾ ਹੈ। ਲੋਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਦੇਸ਼ ਦੇ ਇਕ ਕਰੋੜ ਤੋਂ ਵੱਧ ਲੋਕਾਂ ਨੇ ਐਲ ਪੀ ਜੀ ਸਬਸਿਡੀ ਛਡਣ ਦਾ ਐਲਾਨ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਸਾਡਾ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਅਤੇ ਹਰੇਕ ਨਾਗਰਿਕ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।