ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ


ਨਵੀਂ ਦਿੱਲੀ/ਅਗਰਤਲਾ
(ਨਵਾਂ ਜ਼ਮਾਨਾ ਸਰਵਿਸ)
ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ ਨੇ ਦੋਸ਼ ਲਾਇਆ ਹੈ ਕਿ ਦੂਰਦਰਸ਼ਨ ਅਤੇ ਅਕਾਸ਼ਵਾਣੀ ਨੇ ਅਜ਼ਾਦੀ ਦਿਵਸ ਮੌਕੇ ਉਨ੍ਹਾ ਦੇ ਭਾਸ਼ਣ ਨੂੰ ਪ੍ਰਸਾਰਿਤ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਜਦ ਤੱਕ ਉਹ ਭਾਸ਼ਣ ਨੂੰ ਨਵਾਂ ਰੂਪ ਨਹੀਂ ਦਿੰਦੇ, ਤਦ ਤੱਕ ਇਸ ਨੂੰ ਪ੍ਰਸਾਰਿਤ ਨਹੀਂ ਕੀਤਾ ਜਾਵੇਗਾ। ਰਾਜ ਸਰਕਾਰ ਨੇ ਇਸ ਨੂੰ ਗੈਰ-ਜਮਹੂਰੀ, ਜਾਬਰ ਅਤੇ ਅਸਹਿਣਸ਼ੀਲ ਕਦਮ ਕਰਾਰ ਦਿੱਤਾ ਹੈ।
ਤ੍ਰਿਪੁਰਾ ਸਰਕਾਰ ਵੱਲੋਂ ਜਾਰੀ ਬਿਆਨ 'ਚ ਦੋਸ਼ ਲਾਇਆ ਗਿਆ ਕਿ ਦੂਰਦਰਸ਼ਨ ਅਤੇ ਅਕਾਸ਼ਵਾਣੀ ਨੇ 12 ਅਗਸਤ ਨੂੰ ਮਾਣਿਕ ਸਰਕਾਰ ਦਾ ਭਾਸ਼ਣ ਰਿਕਾਰਡ ਕਰ ਲਿਆ ਅਤੇ ਸੋਮਵਾਰ ਸ਼ਾਮ 7 ਵਜੇ ਮੁੱਖ ਮੰਤਰੀ ਦਫਤਰ ਨੂੰ ਇੱਕ ਖਤ ਜ਼ਰੀਏ ਸੂਚਿਤ ਕੀਤਾ ਗਿਆ ਕਿ ਉਨ੍ਹਾ ਦੇ ਭਾਸ਼ਣ ਨੂੰ ਜਦ ਤੱਕ ਨਵਾਂ ਰੂਪ ਨਹੀਂ ਦਿੱਤਾ ਜਾਂਦਾ, ਤੱਦ ਤੱਕ ਇਸ ਨੂੰ ਪ੍ਰਸਾਰਿਤ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਦਫਤਰ ਦੇ ਬਿਆਨ 'ਚ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਮਾਣਿਕ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਆਪਣੇ ਭਾਸ਼ਣ 'ਚ ਇੱਕ ਵੀ ਸ਼ਬਦ ਨਹੀਂ ਬਦਲਣਗੇ ਅਤੇ ਇਸ ਕਦਮ ਨੂੰ ਉਨ੍ਹਾ ਗੈਰ-ਜਮਹੂਰੀ, ਜਾਬਰ ਅਤੇ ਸਹਿਣਸ਼ੀਲ ਕਰਾਰ ਦਿੱਤਾ। ਮਾਣਿਕ ਸਰਕਾਰ ਦਾ ਭਾਸ਼ਣ ਮੰਗਲਵਾਰ ਨੂੰ ਤ੍ਰਿਪੁਰਾ 'ਚ ਦੂਰਦਰਸ਼ਨ ਅਤੇ ਅਕਾਸ਼ਵਾਣੀ 'ਤੇ ਪ੍ਰਸਾਰਿਤ ਹੋਣਾ ਸੀ।
ਜ਼ਿਕਰਯੋਗ ਹੈ ਕਿ ਮਾਣਿਕ ਸਰਕਾਰ ਨੇ ਆਪਣੇ ਭਾਸ਼ਣ 'ਚ ਹੋਰਨਾਂ ਮੁੱਦਿਆਂ ਤੋਂ ਇਲਾਵਾ ਬੇਲਗਾਮ ਹੋਏ ਫਿਰਦੇ ਗਊ ਰਾਖਿਆਂ ਅਤੇ ਘੱਟ ਗਿਣਤੀਆਂ ਦੇ ਮੁੱਦਿਆਂ ਦਾ ਜ਼ਿਕਰ ਕੀਤਾ ਸੀ।
ਉਨ੍ਹਾ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਸਾਡੇ ਸਮਾਜ 'ਚ ਬੇਲੋੜੀਆਂ ਉਲਝਣਾਂ ਅਤੇ ਵੰਡੀਆਂ ਪਾਉਣ ਦੀਆਂ ਸਾਜ਼ਿਸ਼ਾਂ ਅਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਰਤ ਨੂੰ ਇੱਕ ਖਾਸ ਧਰਮ ਦੇ ਦੇਸ਼ 'ਚ ਤਬਦੀਲ ਕਰਨ ਅਤੇ ਗਊ ਰੱਖਿਆ ਦੇ ਨਾਂਅ 'ਤੇ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਘੱਟ ਗਿਣਤੀਆਂ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਵਿਚਾਰਾਂ ਨੂੰ ਦੁਹਰਾਉਂਦਿਆਂ ਸਰਕਾਰ ਨੇ ਇਹ ਵੀ ਕਿਹਾ ਕਿ ਘੱਟ ਗਿਣਤੀਆਂ ਵਿਚਲੀ ਸੁਰੱਖਿਆ ਦੀ ਭਾਵਨਾ ਤਿੜਕ ਰਹੀ ਹੈ।
ਆਰ ਐੱਸ ਐੱਸ ਉਪਰ ਟੇਢੇ ਢੰਗ ਨਾਲ ਹਮਲਾ ਕਰਦਿਆਂ ਮੁੱਖ ਮੰਤਰੀ ਸਰਕਾਰ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਭੰਨਤੋੜ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦੇ ਕਰਤੇ ਧਰਤੇ ਆਜ਼ਾਦੀ ਅੰਦੋਲਨ ਦੇ ਨਾਲ ਜੁੜੇ ਹੋਏ ਨਹੀਂ ਸਨ। ਇਸ ਦੀ ਬਜਾਇ ਉਹ ਅਜ਼ਾਦੀ ਅੰਦੋਲਨ ਨੂੰ ਸਾਬੋਤਾਜ ਕਰਨ ਅਤੇ ਜਾਬਰ ਤੇ ਬੇਕਿਰਕ ਬਰਤਾਨਵੀ ਸਾਮਰਾਜ ਦੇ ਜੀ ਹਜ਼ੂਰੀਏ ਸਨ।
ਮੁੱਖ ਮੰਤਰੀ ਦੇ ਭਾਸ਼ਣ ਨੂੰ ਰੋਕਣ ਦੀ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਸੀ ਪੀ ਆਈ ਐੱਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕਿਹਾ ਹੈ ਕਿ ਦੂਰਦਰਸ਼ਨ, ਆਰ ਐੱਸ ਐੱਸ-ਭਾਜਪਾ ਦੀ ਨਿੱਜੀ ਜਾਇਦਾਦ ਨਹੀਂ ਹੈ। ਉਨ੍ਹਾ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਲੋਕਾਂ ਨੂੰ ਨਿਰਦੇਸ਼ ਦੇ ਰਹੇ ਹਨ ਕਿ ਵਿਰੋਧੀ ਧਿਰ ਦੀ ਅਵਾਜ਼ ਨੂੰ ਦਬਾਅ ਦਿੱਤਾ ਜਾਵੇ।
ਸੀ ਪੀ ਆਈ ਐੱਮ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਗਿਆ ਹੈ ਕਿ ਦੂਰਦਰਸ਼ਨ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ ਦਾ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ ਕਰ ਦਿੱਤਾ। ਕੀ ਪ੍ਰਧਾਨ ਮੰਤਰੀ ਮੋਦੀ ਇਸੇ ਸਹਿਯੋਗਾਤਮਿਕ ਸੰਘਵਾਦ ਦੀ ਗੱਲ ਕਰਦੇ ਹਨ? ਸ਼ਰਮ ਦੀ ਗੱਲ ਹੈ। ਪਾਰਟੀ ਦਾ ਇਸ਼ਾਰਾ ਪ੍ਰਧਾਨ ਮੰਤਰੀ ਦੇ ਅਜ਼ਾਦੀ ਦਿਵਸ ਸੰੰਬੋਧਨ ਵੱਲ ਸੀ। ਯੇਚੁਰੀ ਨੇ ਟਵੀਟ 'ਤੇ ਟੈਗ ਕਰਦੇ ਹੋਏ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਚੈਨਲ ਵੱਲੋਂ ਮਾਣਿਕ ਸਰਕਾਰ ਦਾ ਭਾਸ਼ਣ ਪ੍ਰਸ਼ਾਰਿਤ ਕਰਨ ਤੋਂ ਮਨ੍ਹਾ ਕਰਨਾ ਗੈਰ ਕਾਨੂੰਨੀ ਹੈ। ਉਨ੍ਹਾ ਟਵੀਟ ਕੀਤਾ ਕਿ ਇਹ ਤਾਨਾਸ਼ਾਹੀ ਅਤੇ ਅਣ-ਐਲਾਨੀ ਐਮਰਜੈਂਸੀ ਨਹੀਂ ਹੈ, ਤਾਂ ਕੀ ਹੈ?
ਸੀ ਪੀ ਆਈ ਨੇ ਵੀ ਸਰਕਾਰੀ ਮੀਡੀਆ ਦੀ ਧੱਕੇਸ਼ਾਹੀ ਦੀ ਨਿਖੇਧੀ ਕੀਤੀ ਹੈ।
ਪਾਰਟੀ ਦੇ ਕੇਂਦਰੀ ਸਕੱਤਰੇਤ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ, ਦੇਸ਼ ਦੀ ਆਰਥਿਕ ਅਜ਼ਾਦੀ ਅਤੇ ਕੁਝ ਪ੍ਰੇਰਿਤ ਹਿੱਤਾਂ ਵੱਲੋਂ ਦੇਸ਼ ਨੂੰ ਵੰਡਣ ਸੰਬੰਧੀ ਤੱਥਾਂ 'ਚ ਸੋਧ ਦੀ ਮੰਗ ਕਰਨਾ ਪ੍ਰਸਾਰਣ ਅਧਿਕਾਰੀਆਂ ਦਾ ਕੰਮ ਨਹੀਂ ਹੈ। ਇੱਕ ਸੂਬੇ ਦਾ ਮੁੱਖ ਮੰਤਰੀ ਇੱਕ ਸੰਵਿਧਾਨਿਕ ਅਥਾਰਟੀ ਹੁੰਦਾ ਹੈ। ਸਰਕਾਰੀ ਮੀਡੀਆ ਨੂੰ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ, ਨਾ ਕਿ ਸੱਤਾਧਾਰੀ ਪਾਰਟੀ ਦੇ ਹਿੱਤਾਂ ਦੀ। ਪਾਰਟੀ ਨੇ ਮੰਗ ਕੀਤੀ ਹੈ ਕਿ ਪ੍ਰਸਾਰ ਭਾਰਤੀ ਤ੍ਰਿਪੁਰਾ ਦੇ ਮੁੱਖ ਮੰਤਰੀ ਕੋਲੋਂ ਮੁਆਫੀ ਮੰਗੇ ਅਤੇ ਉਨ੍ਹਾ ਦੇ ਭਾਸ਼ਣ ਨੂੰ ਘੱਟੋ-ਘਟ ਹੁਣ ਹੀ ਪ੍ਰਸਾਰਿਤ ਕਰ ਦੇਵੇ।
ਦੂਸਰੇ ਪਾਸੇ ਪ੍ਰਸਾਰ ਭਾਰਤੀ ਨੇ ਇਨ੍ਹਾਂ ਸਭਨਾਂ ਦੋਸ਼ਾਂ ਨੂੰ ਪੁਰੀ ਤਰ੍ਹਾਂ ਨਕਾਰ ਦਿੱਤਾ ਹੈ। ਪ੍ਰਸਾਰ ਭਾਰਤੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਖਬਰਾਂ 'ਚ ਕਿਹਾ ਗਿਆ ਹੈ ਕਿ ਪ੍ਰਸ਼ਾਰ ਭਾਰਤੀ ਅਤੇ ਦੂਰਦਰਸ਼ਨ ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਅਜ਼ਾਦੀ ਦਿਵਸ ਦੇ ਪ੍ਰੋਗਰਾਮ ਦੀ ਕਵਰੇਜ ਨਹੀਂ ਕੀਤੀ।
ਤ੍ਰਿਪੁਰਾ ਦੇ ਦੂਰਦਰਸ਼ਨ ਹੈੱਡਕੁਆਟਰ ਦੇ ਮੁੱਖੀ ਯੂ ਕੇ ਸਾਹੂ ਦੀ ਤਰਫੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਗਰਤਲਾ ਸਥਿਤ ਦੂਰਦਰਸ਼ਨ ਦੇ ਸਥਾਨਿਕ ਸਟੇਸ਼ਨ ਦੀ ਨਿਊਜ਼ ਯੂਨਿਟ ਨੇ ਮੁੱਖ ਮੰਤਰੀ ਦੇ ਭਾਸ਼ਣ ਦੀ ਚੰਗੀ ਖਾਸੀ ਕਵਰੇਜ ਕੀਤੀ ਹੈ।