Latest News
ਕਰਜ਼ਾ ਮੁਕਤੀ ਸਕੀਮ ਇੱਕ ਮਹੀਨੇ ਅੰਦਰ ਅਮਲ 'ਚ ਆਵੇਗੀ : ਕੈਪਟਨ

Published on 16 Aug, 2017 11:41 AM.


ਗੁਰਦਾਸਪੁਰ, ( ਜਨਕ ਮਹਾਜਨ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਖੁਦਕੁਸ਼ੀ ਵਾਲਾ ਰਾਹ ਨਾ ਅਪਨਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 'ਘਰ-ਘਰ ਮੇਂ ਨੌਕਰੀ' ਸਕੀਮ ਦੇ ਪਹਿਲੇ ਪੜਾਅ ਵਿੱਚ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਸੰਬੰਧੀ ਸਰਕਾਰ ਦੇ ਫੈਸਲੇ ਦਾ ਐਲਾਨ ਕੀਤਾ।
ਅੱਜ ਅਜ਼ਾਦੀ ਦਿਹਾੜੇ ਮੌਕੇ ਗੁਰਦਾਸਪੁਰ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਸਰਕਾਰੀ ਖੇਤਰ ਵਿੱਚ ਸਾਰੀਆਂ ਮਹੱਤਵਪੂਰਨ ਅਸਾਮੀਆਂ ਭਰਨ ਲਈ ਛੇਤੀ ਹੀ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਨਾਲ ਸੂਬੇ 'ਚ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੀ ਸਰਕਾਰ ਦੇ ਵਾਅਦੇ ਨੂੰ ਅਮਲ ਵਿੱਚ ਲਿਆਉਣ ਵਾਸਤੇ ਸੂਬਾ ਭਰ ਵਿੱਚ ਰੁਜ਼ਗਾਰ ਮੇਲੇ ਲਗਾਏ ਜਾਣਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਸ ਪਵਿੱਤਰ ਮੌਕੇ ਪੰਜਾਬ ਨੂੰ ਨਸ਼ੇ ਤੇ ਕਰਜ਼ੇ ਤੋਂ ਮੁਕਤ ਕਰਕੇ ਸ਼ਾਂਤਮਈ, ਸਿਹਤਮੰਦ ਅਤੇ ਖੁਸ਼ਹਾਲ ਸੂਬਾ ਬਣਾਉਣ ਦਾ ਸੰਕਲਪ ਲਿਆ। ਮੁੱਖ ਮੰਤਰੀ ਨੇ ਸਾਰੀਆਂ ਲਿੰਕ ਸੜਕਾਂ ਲਈ 2500 ਕਰੋੜ ਰੁਪਏ ਦੀ ਲਾਗਤ ਨਾਲ ਸਾਲਾਨਾ ਮੁਰੰਮਤ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਛੇਤੀ ਹੀ ਸੂਬੇ 'ਚ 22870 ਕਿਲੋਮੀਟਰ ਅਜਿਹੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸਕੂਲਾਂ ਦਾ ਮੂੰਹ-ਮੁਹਾਂਦਰਾ ਸਵਾਰਨ ਤੋਂ ਇਲਾਵਾ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ 2100 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਅਪਗਰੇਡ ਕਰਨ ਲਈ 806 ਕਰੋੜ ਰੁਪਏ ਰੱਖੇ ਗਏ ਹਨ। ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ 2 ਲੱਖ ਰੁਪਏ ਦਾ ਫਸਲੀ ਕਰਜ਼ਾ ਮੁਆਫ ਕਰਨ ਤੋਂ ਇਲਾਵਾ 2 ਲੱਖ ਰੁਪਏ ਤੋਂ ਵੱਧ ਕਰਜ਼ੇ ਵਾਲੇ ਦਰਮਿਆਨੇ ਕਿਸਾਨਾਂ ਨੂੰ 2 ਲੱਖ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਡਰ ਕੇ ਖੁਦਕੁਸ਼ੀ ਜਾਂ ਘਾਤਕ ਕਦਮ ਨਾ ਅਪਨਾਉਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਆਖਿਆ ਕਿ ਕਰਜ਼ਾ ਮੁਆਫੀ ਦੀ ਸਕੀਮ ਇੱਕ ਮਹੀਨੇ 'ਚ ਅਮਲ ਵਿੱਚ ਆ ਜਾਵੇਗੀ ਅਤੇ ਸਰਕਾਰ ਆਪਣੇ ਪੱਧਰ 'ਤੇ ਕਿਸਾਨਾਂ ਦਾ ਕਰਜ਼ਾ ਲਾਹੇਗੀ, ਜਿਸ ਕਰਕੇ ਕਿਸਾਨਾਂ ਨੂੰ ਇਸ ਦੀ ਅਦਾਇਗੀ ਕਰਨ ਦੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਪਿਛਲੀ ਸਰਕਾਰ ਦੌਰਾਨ ਝੂਠੇ ਕੇਸਾਂ ਵਿੱਚ ਫਸਾਏ ਬੇਕਸੂਰ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹੈ ਅਤੇ ਅਜਿਹੇ ਕੇਸਾਂ ਦੀ ਜਾਂਚ ਲਈ ਬਣਾਏ ਨਿਆਂਇਕ ਕਮਿਸ਼ਨ ਵੱਲੋਂ ਛੇਤੀ ਆਪਣੀ ਰਿਪੋਰਟ ਸੌਂਪੀ ਜਾਵੇਗੀ। ਉਨ੍ਹਾਂ ਆਖਿਆ ਕਿ ਅਜਿਹਾ ਹੀ ਇੱਕ ਕਮਿਸ਼ਨ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਾਇਮ ਕੀਤਾ ਗਿਆ ਹੈ, ਜੋ ਦੋਸ਼ੀਆਂ ਦੀ ਸ਼ਨਾਖਤ ਕਰ ਰਿਹਾ ਹ,ੈ ਜਿਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰੇਗੀ। ਉਨ੍ਹਾਂ ਨੇ ਰੀਅਲ ਅਸਟੇਟ ਨੂੰ ਉਤਸ਼ਾਹਤ ਕਰਨ ਲਈ ਸ਼ਹਿਰੀ ਜਾਇਦਾਦਾਂ ਦੀ ਰਜਿਸਟਰੀ 'ਤੇ ਲੱਗਦੀ ਸਟੈਂਪ ਡਿਊਟੀ 9 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰਨ ਸਮੇਤ ਚੁੱਕੇ ਕਈ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਆਖਿਆ ਕਿ ਇਕ ਮਹੀਨੇ ਇੱਕ ਹਜ਼ਾਰ ਸਾਬਕਾ ਸੈਨਿਕ ਇਸ ਮਿਸ਼ਨ ਲਈ ਭਰਤੀ ਕੀਤੇ ਜਾਣਗੇ।
ਸੂਬੇ ਵਿੱਚ ਔਰਤਾਂ ਨੂੰ ਵੱਧ ਅਧਿਕਾਰ ਦੇਣ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਤੇ ਪੰਚਾਇਤੀ ਸੰਸਥਾਵਾਂ ਵਿੱਚ ਔਰਤਾਂ ਲਈ ਰਾਖਵਾਂਕਰਨ ਵਧਾ ਕੇ 50 ਫੀਸਦੀ ਕਰਨ ਤੋਂ ਇਲਾਵਾ ਲੜਕੀਆਂ ਤੇ ਔਰਤਾਂ ਦੀ ਭਲਾਈ ਲਈ ਕਈ ਹੋਰ ਉਪਰਾਲੇ ਕੀਤੇ ਗਏ ਹਨ। ਮੁੱਖ ਮੰਤਰੀ ਨੇ ਆਖਿਆ ਕਿ ਸਮਾਜਿਕ ਸੁਰੱਖਿਆ ਅਧੀਨ 750 ਰੁਪਏ ਪ੍ਰਤੀ ਮਹੀਨਾ ਦਿੱਤੀ ਜਾ ਰਹੀ ਪੈਨਸ਼ਨ ਅਗਲੇ ਸਾਲ ਵਧਾ ਕੇ 1000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਬਰਿੰਦਰਮੀਤ ਸਿੰਘ ਪਾਹੜਾ, ਫਤਹਿਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡੀ.ਜੀ.ਪੀ. ਸੁਰੇਸ਼ ਅਰੋੜਾ, ਏ.ਡੀ.ਜੀ.ਪੀ. ਬਾਰਡਰ-ਕਮ-ਐਸ.ਟੀ.ਐਫ. ਚੀਫ ਹਰਪ੍ਰੀਤ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਤੇ ਜ਼ਿਲ੍ਹਾ ਪੁਲਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਵੀ ਹਾਜ਼ਰ ਸਨ।

471 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper