ਸੰਘ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੈ : ਰਾਹੁਲ

ਹਰੇਕ ਥਾਂ ਲਾਏ ਜਾ ਰਹੇ ਸੰਘ ਦੇ ਆਦਮੀ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਹਰੇਕ ਥਾਂ ਆਰ ਐੱਸ ਐੱਸ ਦੇ ਬੰਦਿਆਂ ਨੂੰ ਤਾਇਨਾਤ ਕਰ ਰਹੀ ਹੈ, ਤਾਂ ਜੋ ਦੇਸ਼ ਦੇ ਸੰਵਿਧਾਨ ਨੂੰ ਬਦਲਿਆ ਜਾ ਸਕੇ। ਜਨਤਾ ਦਲ 'ਚੋਂ ਬਰਖਾਸਤ ਸੀਨੀਅਰ ਆਗੂ ਸ਼ਰਦ ਯਾਦਵ ਵੱਲੋਂ ਆਯੋਜਿਤ ਵਿਰਾਸਤ ਬਚਾਓ ਰੈਲੀ ਦੌਰਾਨ ਕੰਸਟੀਚਿਊਸ਼ਨ ਕਲੱਬ 'ਚ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸੰਘ ਦੀ ਵਿਚਾਰਧਾਰਾ ਨੂੰ ਹਰਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਣਾ ਪਵੇਗਾ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਦੀਆਂ ਸਾਰੀਆਂ ਵੱਡੀਆਂ ਯੋਜਨਾਵਾਂ ਫੇਲ੍ਹ ਰਹੀਆਂ ਹਨ। ਉਨ੍ਹਾ ਕਿ ਸਰਕਾਰ ਹਰੇਕ ਥਾਂ ਸੰਘ ਦੇ ਬੰਦੇ ਲਾ ਰਹੀ ਹੈ, ਤਾਂ ਜੋ ਸੰਵਿਧਾਨ ਨੂੰ ਬਦਲ ਸਕੇ।
ਸੰਘ ਦੀ ਰਾਸ਼ਟਰ ਭਗਤੀ 'ਤੇ ਸੁਆਲ ਕਰਦਿਆਂ ਉਨ੍ਹਾ ਕਿਹਾ ਕਿ ਜਦੋਂ ਤੱਕ ਉਨ੍ਹਾ ਦਾ ਰਾਜ ਨਹੀਂ ਆਇਆ, ਉਨ੍ਹਾਂ ਕਦੇ ਹਿੰਦੁਸਤਾਨ ਦੇ ਝੰਡੇ ਨੂੰ ਸਲਾਮ ਨਹੀਂ ਕੀਤਾ ਅਤੇ ਇਸ ਦੇਸ਼ ਨੂੰ ਆਪਣਾ ਦੇਸ਼ ਨਹੀਂ ਮੰਨਿਆ। ਉਨ੍ਹਾ ਕਿਹਾ ਕਿ ਹੁਣ ਸੰਘ ਕਹਿੰਦਾ ਹੈ ਕਿ ਇਹ ਦੇਸ਼ ਸਾਡਾ ਹੈ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਦੇ ਨਹੀਂ। ਉਨ੍ਹਾ ਕਿਹਾ ਕਿ ਪਹਿਲਾਂ ਘੱਟ ਗਿਣਤੀਆਂ ਨੂੰ ਅਜਿਹਾ ਕਿਹਾ, ਫੇਰ ਗੁਜਰਾਤ 'ਚ ਦਲਿਤਾਂ ਦੀ ਪਿਟਾਈ ਕੀਤੀ, ਫੇਰ ਕਿਸਾਨਾਂ ਕੋਲ ਗਏ ਅਤੇ ਕਿਹਾ ਕਿ ਇਹ ਮਨੋਵਿਗਿਆਨਕ ਸਮੱਸਿਆ ਹੈ।
ਰਾਹੁਲ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਸੰਘ ਦੀ ਵਿਚਾਰਧਾਰਾ ਨੂੰ ਬੜ੍ਹਾਵਾ ਦੇ ਰਹੀ ਹੈ। ਉਨ੍ਹਾ 2014 'ਚ ਵਾਅਦਾ ਕੀਤਾ ਸੀ ਕਿ 2014 'ਚ ਦੋ ਕਰੋੜ ਨੌਜੁਆਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਅਤੇ 2 ਮਿੰਟ 'ਚ ਇੱਕ ਰੈਂਕ ਇੱਕ ਪੈਨਸ਼ਨ ਦਾ ਫ਼ੈਸਲਾ ਕਰ ਦਿਆਂਗੇ। ਕਿਸਾਨਾਂ ਨਾਲ ਉਨ੍ਹਾਂ ਦਾ ਭਲਾ ਕਰਨ ਦਾ ਵਾਅਦਾ ਕੀਤਾ, ਪਰ ਕਿਸੇ ਕਿਸਾਨ ਦੀ ਮੌਤ 'ਤੇ ਅਰੁਣ ਜੇਤਲੀ ਲੋਕ ਸਭਾ 'ਚ ਆਖਦੇ ਹਨ ਕਿ ਕਰਜ਼ਾ ਮਾਫ਼ ਕਰਨਾ ਸਾਡੀ ਨੀਤੀ ਨਹੀਂ। ਉਨ੍ਹਾ ਕਿਹਾ ਕਿ ਸੰਘ ਨੂੰ ਪਤਾ ਹੈ ਕਿ ਉਸ ਦੀ ਵਿਚਾਰਧਾਰਾ ਨਾਲ ਦੇਸ਼ 'ਚ ਚੋਣ ਨਹੀਂ ਜਿੱਤੀ ਜਾ ਸਕਦੀ, ਇਸ ਲਈ ਹਰੇਕ ਸੰਸਥਾ 'ਚ ਸੰਘ ਦੇ ਬੰਦੇ ਤਾਇਨਾਤ ਕੀਤੇ ਜਾ ਰਹੇ ਹਨ।
ਉਨ੍ਹਾ ਕਿਹਾ ਕਿ ਸੰਘ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦਾ ਹੈ। ਸੰਵਿਧਾਨ 'ਚ ਦੇਸ਼ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ, ਪਰ ਉਸ ਚੀਜ਼ ਨੂੰ ਸੰਘ ਨਸ਼ਟ ਕਰਨਾ ਚਾਹੁੰਦਾ ਹੈ। ਉਨ੍ਹਾ ਦਾ ਹੋਰ ਕੋਈ ਮਕਸਦ ਨਹੀਂ, ਉਹ ਸੰਵਿਧਾਨ ਬਦਲਣਾ ਚਾਹੁੰਦੇ ਹਨ, ਜਿਸ ਦਿਨ ਸਾਰੀਆਂ ਥਾਵਾਂ 'ਤੇ ਸੰਘ ਦੇ ਲੋਕ ਬੈਠ ਗਏ, ਫੇਰ ਲੋਕਾਂ ਨੂੰ ਕਿਹਾ ਜਾਵੇਗਾ ਇਹ ਦੇਸ਼ ਤੁਹਾਡਾ ਨਹੀਂ।
ਉਨ੍ਹਾਂ ਸੰਘ ਅਤੇ ਮੋਦੀ ਸਰਕਾਰ ਨੂੰ ਹਰਾਉਣ ਲਈ ਆਪੋਜੀਸ਼ਨ ਦੀ ਏਕਤਾ 'ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ 10-15 ਉਦਯੋਗਪਤੀਆਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਕਿਉਂਕਿ ਉਹ ਮੋਦੀ ਸਰਕਾਰ ਦੀ ਮਾਰਕੀਟਿੰਗ ਕਰ ਰਹੇ ਹਨ, ਪਰ ਦੇਸ਼ ਦੇ ਹਰੇਕ ਸੂਬੇ ਦਾ ਕਿਸਾਨ ਦੁਖੀ ਹੈ, ਪਰ ਸਰਕਾਰ ਨੂੰ ਉਨ੍ਹਾਂ ਦੀ ਕੋਈ ਫ਼ਿਕਰ ਨਹੀਂ।
ਰਾਹੁਲ ਨੇ ਕਿਹਾ ਕਿ ਮੋਦੀ ਵਾਰ-ਵਾਰ ਸਵੱਛ ਭਾਰਤ ਦੀਆਂ ਗੱਲਾਂ ਕਰਦੇ ਹਨ, ਪਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਸਵੱਛ ਭਾਰਤ ਨਹੀਂ ਸੱਚ ਭਾਰਤ ਚਾਹੀਦਾ ਹੈ। ਉਨ੍ਹਾ ਕਿਹਾ ਕਿ ਜੇ ਅਸੀਂ ਸਾਰਿਆਂ ਨੇ ਮਿਲ ਕੇ ਚੋਣ ਲੜ ਲਈ ਤਾਂ ਉਹ ਕਿਤੇ ਦਿਖਾਈ ਨਹੀਂ ਦੇਣਗੇ।