Latest News
ਚਾਰ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

Published on 19 Aug, 2017 10:15 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ। ਹਾਲਾਂਕਿ ਸੂਬਾ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੋਇਆ ਹੈ, ਪਰ ਸ਼ਾਇਦ ਕਿਸਾਨ ਲਈ ਇਹ ਕਾਫੀ ਨਹੀਂ ਜਾਪਦਾ। ਅੱਜ ਪੰਜਾਬ ਦੇ ਤਿੰਨ ਕਿਸਾਨਾਂ ਨੇ ਆਪਣੀ ਜ਼ਿੰਦਗੀ ਕਰਜ਼ੇ ਅੱਗੇ ਹਾਰ ਦਿੱਤੀ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ ਦੇ 60 ਸਾਲਾ ਕਿਸਾਨ ਦਰਸ਼ਨ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਦਰਸ਼ਨ ਸਿੰਘ ਦੇ ਪੁੱਤਰ ਮੁਤਾਬਕ ਉਸ ਦੇ ਪਿਤਾ ਕੋਲ 2 ਕਿੱਲੇ ਜ਼ਮੀਨ ਸੀ ਅਤੇ ਉਨ੍ਹਾਂ ਸਿਰ ਬੈਂਕ, ਸੁਸਾਇਟੀ ਅਤੇ ਆੜ੍ਹਤੀਆਂ ਦਾ ਤਕਰੀਬਨ 8 ਲੱਖ ਰੁਪਏ ਦਾ ਕਰਜ਼ ਸੀ। ਇਸ ਕਰਜ਼ ਕਾਰਨ ਮ੍ਰਿਤਕ ਕਿਸਾਨ ਅਕਸਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਉਸ ਤੋਂ ਇਲਾਵਾ ਉਸ ਦੀ ਪਤਨੀ, ਦੋ ਬੱਚੇ ਅਤੇ ਉਸ ਦਾ ਚਾਚਾ ਹੈ, ਜੋ ਮਾਨਸਿਕ ਰੋਗੀ ਹੈ, ਰਹਿ ਗਏ ਹਨ। ਵਸੀਲੇ ਘੱਟ ਹੋਣ ਕਾਰਨ ਉਨ੍ਹਾਂ ਦਾ ਗੁਜ਼ਾਰਾ ਕਾਫੀ ਮੁਸ਼ਕਿਲ ਨਾਲ ਚੱਲਦਾ ਹੈ। ਇੱਥੇ ਆਏ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੋ ਏਕੜ ਤੇ ਇਸ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਤੁਰੰਤ ਮੁਆਫ਼ ਕਰਨ ਦੀ ਮੰਗ ਵੀ ਕੀਤੀ।
ਦੂਜਾ ਮਾਮਲਾ ਪੁਲਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਹਲਕਾ ਪਾਇਲ ਦੇ ਪਿੰਡ ਮਕਸੂਦੜਾ ਦਾ ਹੈ, ਜਿੱਥੇ ਇੱਕ ਨੌਜਵਾਨ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। 28 ਸਾਲਾ ਕਿਸਾਨ ਕੁਲਦੀਪ ਸਿੰਘ ਉਰਫ ਸੁੱਖਾ ਨੇ ਆਪਣੇ ਘਰ ਵਿੱਚ ਹੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।ਕੁਲਦੀਪ ਕੋਲ ਸਿਰਫ ਡੇਢ ਏਕੜ ਜ਼ਮੀਨ ਸੀ ਅਤੇ ਉਸ 'ਤੇ ਬੈਂਕ ਦਾ ਤਕਰੀਬਨ 3 ਲੱਖ ਰੁਪਏ ਦਾ ਕਰਜ਼ਾ ਸੀ। ਮ੍ਰਿਤਕ ਕਿਸਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਘਰ ਦਾ ਗੁਜ਼ਾਰਾ ਖੇਤੀ ਦੇ ਸਹਾਰੇ ਕਰਦਾ ਸੀ। ਉਸ ਦੇ ਜਾਣ ਤੋਂ ਬਾਅਦ ਉਨ੍ਹਾਂ ਦਾ ਕਮਾਈ ਦਾ ਸਾਧਨ ਵੀ ਉਸ ਦੇ ਨਾਲ ਹੀ ਚਲਾ ਗਿਆ ਹੈ।ਇਸੇ ਤਰ੍ਹਾਂ ਥੋੜ੍ਹੀ ਜ਼ਮੀਨ ਦੇ ਮਾਲਿਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੁਨੀਆ ਸੰਧੂ ਦੇ ਕਿਸਾਨ ਭਗਵਾਨ ਸਿੰਘ ਨੂੰ ਵੀ ਕਰਜ਼ੇ ਨੇ ਆਪਣੀ ਲਪੇਟ ਵਿੱਚ ਲੈ ਲਿਆ। ਪੰਜਾਬ ਵਿੱਚ ਇੱਕ ਵੱਡੇ ਦੈਂਤ ਦਾ ਰੂਪ ਧਾਰਨ ਕਰ ਚੁੱਕਾ ਇਹ ਕਰਜ਼ਾ ਇਸ 36 ਸਾਲਾ ਕਿਸਾਨ ਨੂੰ ਵੀ ਨਿਗਲ ਗਿਆ, ਜਿਸ ਕੋਲ ਸਿਰਫ਼ 1 ਕਿੱਲਾ ਜ਼ਮੀਨ ਸੀ। ਮ੍ਰਿਤਕ ਭਗਵਾਨ ਸਿੰਘ ਸਿਰ ਬੈਂਕਾਂ ਅਤੇ ਨਿੱਜੀ ਪੱਧਰ 'ਤੇ ਲਏ ਕਰਜ਼ਿਆਂ ਦਾ ਤਕਰੀਬਨ 7 ਲੱਖ ਰੁਪਇਆ ਖੜਾ ਸੀ। ਇਸ ਕਰਜ਼ੇ ਨੂੰ ਵਾਪਸ ਨਾ ਹੁੰਦਾ ਵੇਖ ਉਹ ਪਿਛਲੇ ਦਿਨਾਂ ਤੋਂ ਪ੍ਰੇਸ਼ਾਨ ਸੀ। ਇਸੇ ਕਾਰਨ ਉਸ ਨੇ ਆਪਣੇ ਖੇਤ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਉੱਥੇ ਹੀ ਮੌਤ ਹੋ ਗਈ।
ਭੀਖੀ (ਰੀਤਵਾਲ) : ਨੇੜਲੇ ਪਿੰਡ ਬੀਰ ਖੁਰਦ ਵਿਖੇ ਇੱਕ ਕਿਸਾਨ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਹੈ। ਏ ਐਸ ਆਈ ਗੁਰਲਾਲ ਸਿੰਘ ਨੇ ਦੱਸਿਆ ਕਿ ਪਿੰਡ ਬੀਰ ਖੁਰਦ ਨਿਵਾਸੀ ਕਿਸਾਨ ਹਰਮੇਲ ਸਿੰਘ ਪੁੱਤਰ ਅਰਜਨ ਸਿੰਘ (52) ਜਿਸ ਦੇ ਕੋਲ ਕੇਵਲ 4 ਏਕੜ ਜ਼ਮੀਨ ਸੀ ਅਤੇ ਉਸ ਦੇ ਸਿਰ ਬੈਂਕ ਦਾ 9 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਲੈ ਕੇ ਹਰਮੇਲ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੀ ਰਾਤ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਭੀਖੀ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

337 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper