ਸਾਲ ਦੇ ਅੰਤ ਤੱਕ ਅਸਤੀਫ਼ਾ ਦੇ ਸਕਦੇ ਹਨ ਡੋਨਾਲਡ ਟਰੰਪ


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਅਸਤੀਫ਼ਾ ਦੇ ਸਕਦੇ ਹਨ। ਇਹ ਦਾਅਵਾ ਕਿਤਾਬ ਲਿਖਣ 'ਚ ਟਰੰਪ ਦੀ ਮਦਦ ਕਰ ਚੁੱਕੇ ਪੱਤਰਕਾਰ ਟੋਨੀ ਸ਼ਟਾਰਟਜ ਨੇ ਕੀਤਾ ਹੈ। ਟੋਨੀ ਦਾ ਕਹਿਣਾ ਹੈ ਕਿ ਟਰੰਪ ਇਸ ਸਾਲ ਦੇ ਅੰਤ ਤੱਕ ਅਸਤੀਫ਼ਾ ਦੇ ਸਕਦੇ ਹਨ।
ਟੋਨੀ ਨੇ 16 ਅਤੇ 17 ਅਗਸਤ ਨੂੰ ਟਰੰਪ ਦੇ ਅਸਤੀਫ਼ੇ ਨੂੰ ਲੈ ਕੇ ਕਈ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੋਵੇਗੀ, ਜੇ ਟਰੰਪ ਅਗਲੇ ਸਾਲ ਦੇ ਅੰਤ ਤੱਕ ਅਹੁਦੇ 'ਤੇ ਬਣੇ ਰਹਿਣਗੇ। ਟੋਨੀ ਇਸ ਵੇਲੇ ਇੱਕ ਊਰਜਾ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ।
ਇਸੇ ਦਰਮਿਆਨ ਅਮਰੀਕੀ ਕਾਂਗਰਸ ਦੇ ਸੀਨੀਅਰ ਮੈਂਬਰ ਬਾਬ ਕਾਰਕਰ ਨੇ ਬਤੌਰ ਰਾਸ਼ਟਰਪਤੀ ਟਰੰਪ ਦੀ ਸਮਰੱਥਾ 'ਤੇ ਸੁਆਲ ਕੀਤਾ ਹੈ। ਉਨ੍ਹਾ ਕਿਹਾ ਕਿ ਟਰੰਪ 'ਚ ਅਮਰੀਕਾ ਦੀ ਅਗਵਾਈ ਕਰਨ ਦੀ ਸਮਰੱਥਾ ਅਤੇ ਸੰਜਮ ਨਹੀਂ ਹੈ।
ਉਨ੍ਹਾ ਦਾ ਇਹ ਬਿਆਨ ਵਰਜੀਨੀਆ 'ਚ ਨਸਲੀ ਹਿੰਸਾ 'ਤੇ ਟਰੰਪ ਦੇ ਵਿਵਾਦਗ੍ਰਸਤ ਬਿਆਨ ਮਗਰੋਂ ਆਇਆ ਹੈ। ਉਨ੍ਹਾ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ 'ਚ ਵ੍ਹਾਈਟ ਹਾਊਸ ਕੱਟੜ ਪੰਥੀਆਂ ਦਾ ਅੱਡਾ ਨਾ ਬਣ ਜਾਵੇ।
ਉਨ੍ਹਾ ਕਿਹਾ ਕਿ ਟਰੰਪ ਨੇ ਬਤੌਰ ਰਾਸ਼ਟਰਪਤੀ ਅਜੇ ਤੱਕ ਅਜਿਹਾ ਕੁਝ ਨਹੀਂ ਕੀਤਾ, ਜਿਸ ਤੋਂ ਲੱਗੇ ਕਿ ਉਹ ਸਮਰੱਥਾ ਅਤੇ ਸਥਿਰਤਾ ਨਾਲ ਕੰਮ ਕਰ ਰਹੇ ਹਨ। ਕਾਰਨਰ ਨੂੰ ਅਮਰੀਕੀ ਸੰਸਦ 'ਚ ਭਾਰਤੀ ਹਿੱਤਾਂ ਦਾ ਵੱਡਾ ਪੈਰੋਕਾਰ ਮੰਨਿਆ ਜਾਂਦਾ ਹੈ।
ਦੂਜੇ ਪਾਸੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਲ ਗੋਰ ਨੇ ਟਰੰਪ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਟਰੰਪ ਨੇ ਪੈਰਿਸ ਸਮਝੌਤੇ ਸਮੇਤ ਓਬਾਮਾ ਸਰਕਾਰ ਵੱਲੋਂ ਕੀਤੇ ਗਏ ਕਈ ਸਮਝੌਤੇ ਖ਼ਤਮ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਦੇ ਨਾਲ-ਨਾਲ ਕਾਰਪੋਰੇਟ ਮੁਖੀਆਂ ਨੇ ਨਸਲੀ ਹਿੰਸਾ 'ਤੇ ਟਰੰਪ ਦੇ ਰੁਖ ਨੂੰ ਖ਼ਤਰਨਾਕ ਦਸਿਆ ਹੈ।
ਸੂਤਰਾਂ ਅਨੁਸਾਰ ਵਰਜੀਨੀਆ 'ਚ ਹੋਈ ਨਸਲੀ ਹਿੰਸਾ ਦੇ ਮੁੱਦੇ 'ਤੇ ਆਉਣ ਵਾਲੇ ਦਿਨਾਂ 'ਚ ਟਰੰਪ ਦੇ ਕਈ ਸਹਿਯੋਗੀ ਵੀ ਅਸਤੀਫ਼ੇ ਦੇ ਸਕਦੇ ਹਨ। ਪਿਛਲੇ ਕੁਝ ਦਿਨਾਂ 'ਚ ਅਮਰੀਕਾ 'ਚ ਕਈ ਥਾਵਾਂ ਤੋਂ ਕਨਫੈਡਰੇਟ ਨਾਇਕਾਂ ਦੇ ਬੁੱਤ ਹਟਾਏ ਜਾ ਸਕਦੇ ਹਨ, ਜਿਸ ਦਾ ਗੋਰੇ ਰਾਸ਼ਟਰਵਾਦੀ ਵਿਰੋਧ ਕਰ ਰਹੇ ਹਨ। ਡੈਮੋਕਰੇਟਿਕ ਪਾਰਟੀ ਐਮ ਪੀ ਨੈਂਸੀ ਪੇਲੋਸੀ ਨੇ ਵਾਸ਼ਿੰਗਟਨ 'ਚੋਂ ਵੀ ਅਜਿਹੀਆਂ ਯਾਦਗਾਰਾਂ ਅਤੇ ਬੁੱਤ ਹਟਾਉਣ ਦੀ ਮੰਗ ਕੀਤੀ ਹੈ।
ਇਸ ਮੁੱਦੇ 'ਤੇ ਸ਼ੇਅਰ ਮਾਰਕੀਟ ਨੇ ਵੀਰਵਾਰ ਨੂੰ ਸਭ ਤੋਂ ਵੱਡਾ ਗੋਤਾ ਲਾਇਆ ਅਤੇ ਸ਼ੇਅਰਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ।