ਸਿਰਜਨ ਘੁਟਾਲਾ; ਪ੍ਰਬੰਧਕਾਂ ਦੇ ਅਫ਼ਸਰਾਂ ਤੇ ਸਿਆਸਤਦਾਨਾਂ ਨਾਲ ਨੇੜਲੇ ਸੰਬੰਧ

ਪਟਨਾ (ਨਵਾਂ ਜ਼ਮਾਨਾ ਸਰਵਿਸ)-ਐਨ ਜੀ ਓ ਸਿਰਜਨ ਦੇ ਦਫ਼ਤਰ 'ਚ ਲੱਗੀਆਂ ਅਤੇ ਉਥੋਂ ਮਿਲੀਆਂ ਤਸਵੀਰਾਂ ਦੇਖ ਕੇ ਜਾਂਚ ਕਰ ਰਹੀ ਪੁਲਸ ਟੀਮ ਹੈਰਾਨ ਹੈ, ਕਿਉਂਕਿ ਇਹਨਾਂ ਤਸਵੀਰਾਂ ਤੋਂ ਸਪੱਸ਼ਟ ਹੈ ਕਿ ਐਨ ਜੀ ਓ ਦੀ ਸੰਸਥਾਪਕ ਮਨੋਰਮਾ ਦੇਵੀ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਵੱਡੇ ਸਿਆਸਤਦਾਨਾਂ ਨਾਲ ਨੇੜਲੇ ਸੰਬੰਧ ਰਹੇ ਹਨ।
ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਜਿਹੜੇ ਵੱਡੇ ਸਿਆਸਤਦਾਨਾਂ ਦੀਆਂ ਸਿਰਜਨ ਵੱਲੋਂ ਆਯੋਜਿਤ ਪ੍ਰੋਗਰਾਮਾਂ 'ਚ ਸ਼ਿਰਕਤ ਦੀਆਂ ਤਸਵੀਰਾਂ ਤੋਂ ਜਾਂਚ ਅਧਿਕਾਰੀ ਹੈਰਾਨ ਹਨ। ਸੂਬੇ ਦੇ ਮੌਜੂਦਾ ਅਤੇ ਸਾਬਕਾ ਮੰਤਰੀ ਐਨ ਜੀ ਓ ਵੱਲੋਂ ਆਯੋਜਿਤ ਪ੍ਰੋਗਰਾਮਾਂ 'ਚ ਸ਼ਿਰਕਤ ਕਰਕੇ ਉਨ੍ਹਾ ਦੀ ਸ਼ੋਭਾ ਵਧਾਉਂਦੇ ਰਹੇ ਹਨ। ਜਿਹੜੇ ਆਗੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ, ਉਨ੍ਹਾ 'ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗਿਰੀਰਾਜ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਸੁਬੋਧ ਕਾਂਤ ਸਹਾਏ ਸ਼ਾਮਲ ਹਨ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨਾਲ ਇਹਨਾਂ ਵੱਡੇ ਆਗੂਆਂ ਦੀਆਂ ਤਸਵੀਰਾਂ ਨਾਲ ਕੁਝ ਵੀ ਸਾਬਤ ਨਹੀਂ ਹੁੰਦਾ, ਪਰ ਇਹਨਾਂ ਤਸਵੀਰਾਂ ਤੋਂ ਸਪੱਸ਼ਟ ਹੈ ਕਿ ਮਨੋਰਮਾ ਦੇਵੀ ਅਤੇ ਉਨ੍ਹਾਂ ਦੀ ਮੌਤ ਮਗਰੋਂ ਸਿਰਜਨ ਦੀ ਸਕੱਤਰ ਬਣੀ ਨੂੰਹ ਪ੍ਰਿਆ ਅਤੇ ਉਨ੍ਹਾਂ ਦੇ ਪਤੀ ਅਮਿਤ ਕੁਮਾਰ ਦੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਨਾਲ ਨੇੜਲੇ ਸੰਬੰਧ ਹਨ।
ਜ਼ਿਕਰਯੋਗ ਹੈ ਕਿ ਬਿਹਾਰ 'ਚ ਬੇਨਕਾਬ ਹੋਏ 750 ਕਰੋੜ ਰੁਪਏ ਦੇ ਘੁਟਾਲੇ ਤਹਿਤ ਸ਼ਹਿਰੀ ਵਿਕਾਸ ਲਈ ਭੇਜੀ ਗਈ ਇਹ ਰਕਮ ਗੈਰ ਸਰਕਾਰੀ ਸੰਗਠਨ ਸਿਰਜਨ ਦੇ ਖਾਤੇ 'ਚ ਟਰਾਂਸਫਰ ਹੋ ਗਈ। ਹੁਣ ਤੱਕ ਇਸ ਮਾਮਲੇ 'ਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸੰਗਠਨ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਸਥਿਤ ਹੈ ਅਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ 'ਚ ਔਰਤਾਂ ਲਈ ਟਰੇਨਿੰਗ ਪ੍ਰੋਗਰਾਮ ਚਲਾਉਂਦਾ ਹੈ ਅਤੇ ਔਰਤਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਉਂਦਾ ਹੈ।