ਕਾਮਰੇਡ ਜੋਗਾ ਦੀ 15ਵੀਂ ਬਰਸੀ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ


ਜੋਗਾ/ਮਾਨਸਾ (ਬਲਜਿੰਦਰ ਬਾਵਾ)
ਅਜ਼ਾਦੀ ਘੁਲਾਟੀਏ, ਉੱਘੇ ਦੇਸ਼ ਭਗਤ, ਮੁਜ਼ਾਰਾ ਲਹਿਰ ਦੇ ਬਾਨੀ ਸਾਬਕਾ ਵਿਧਾਇਕ ਕਾਮਰੇਡ ਜੰਗੀਰ ਸਿੰਘ ਜੋਗਾ ਦੀ 15ਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਜੋਗਾ ਵਿਖੇ ਬਜ਼ੁਰਗ ਆਗੂ ਕਾਮਰੇਡ ਬੂਟਾ ਸਿੰਘ ਅਤੇ ਸਾਬਕਾ ਸੰਮਤੀ ਮੈਂਬਰ ਸੁਖਦੇਵ ਰਿਖੀ ਦੇ ਪ੍ਰਧਾਨਗੀ ਮੰਡਲ ਹੇਠ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ। ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਜੋਗਾ ਦੇ ਸਾਥੀ ਕਾਮਰੇਡ ਬੂਟਾ ਸਿੰਘ ਅਤੇ ਸਾਥੀਆਂ ਵੱਲੋਂ ਨਿਭਾਈ ਗਈ ਅਤੇ ਝੰਡਾ ਰਸਮ ਮੌਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਕਾਸ਼ ਗੂੰਜ ਰਿਹਾ ਸੀ। ਬਰਸੀ ਮੌਕੇ ਜੀ ਆਇਆਂ ਨਗਰ ਪੰਚਾਇਤ ਜੋਗਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਜੋਗਾ ਨੇ ਕੀਤਾ ਅਤੇ ਸਵਾਗਤੀ ਭਾਸ਼ਣ ਕਾਮਰੇਡ ਬੂਟਾ ਸਿੰਘ ਵੱਲੋਂ ਕੀਤਾ ਗਿਆ। ਬਰਸੀ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੱਡੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਵੱਡੇ ਕੱਦ ਦੇ ਮਹਾਨ ਆਗੂ ਕਾਮਰੇਡ ਜਗੀਰ ਜੋਗਾ ਵਰਗੇ ਸ਼ਹੀਦਾਂ ਦੀ ਸੋਚ ਨੂੰ ਬਚਾਉਣਾ ਸਮਾਂ ਮੰਗ ਕਰ ਰਿਹਾ ਹੈ, ਕਿਉਂਕਿ ਦੇਸ਼ ਵਿੱਚ ਫਿਰਕੂ ਤਾਕਤਾਂ ਲਗਾਤਾਰ ਦੇਸ਼ ਦੇ ਸ਼ਹੀਦਾਂ ਅਤੇ ਇਤਿਹਾਸ਼ ਨੂੰ ਪਲਟਾ ਦੇਣ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ, ਜੋ ਕਿ ਦੇਸ਼ ਦੇ ਲੋਕਾਂ ਅਤੇ ਦੇਸ਼ ਹਿੱਤਾਂ ਵਿੱਚ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਫਿਰਕੂ ਤਾਕਤਾਂ ਦੇਸ਼ ਦੇ ਭਾਈਚਾਰੇ ਅਤੇ ਫਿਰਕੇ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਜਾਣਕਾਰੀ ਦੇਣ ਲਈ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜੋੜਨ ਲਈ ਉਹਨਾਂ ਦੀਆਂ ਯਾਦਾਂ ਅਤੇ ਬਰਸੀਆਂ ਮਨਾਉਣ ਅਤੇ ਦੇਸ਼ ਲਈ ਕੁਰਬਾਨੀਆਂ ਕਰਨ, ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਇਸ ਸਮੇਂ ਸੀ.ਪੀ.ਆਈ. ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਾਮਰੇਡ ਜੋਗਾ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਕਿੰਨੀਆਂ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਦੇ ਸ਼ਹੀਦਾਂ ਨੇ ਦੇਸ਼ ਨੂੰ ਅਜ਼ਾਦ ਕਰਵਾਇਆ ਸੀ, ਪਰ ਸਮੇਂ ਦੀਆਂ ਹਾਕਮ ਜਮਾਤਾਂ ਆਰ.ਐਸ.ਐਸ. ਦੀ ਦਿਸ਼ਾ ਨਿਰਦੇਸ਼ਨਾ ਹੇਠ ਕੇਂਦਰ ਸਰਕਾਰ ਆਗੂਆਂ ਦੀ ਕੁਰਬਾਨੀ ਨੂੰ ਭਲਾਉਣ ਲਈ ਦੇਸ਼ ਵਿੱਚ ਫਿਰਕਾਪ੍ਰਸ਼ਤ ਅਤੇ ਰਾਸ਼ਟਰਵਾਦ ਦੇ ਨਾਅਰੇ ਹੇਠ ਸੰਘ ਪਰਵਾਰ ਵੱਲੋਂ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਦੇਸ਼ ਦੀਆਂ ਜਮਹੂਰੀ ਸ਼ਕਤੀਆਂ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਇੱਕਠੇ ਹੋਣਾ ਸਮੇਂ ਦੀ ਲੋੜ ਹੈ। ਇਸ ਸਮੇਂ ਉਹਨਾਂ ਕਾਮਰੇਡ ਜੋਗਾ ਨਾਲ ਬਿਤਾਏ ਗਏ ਅਨੇਕਾਂ ਘਟਨਾਵਾਂ ਦਾ ਬਿਆਨ ਕੀਤਾ ਗਿਆ। ਸੀ.ਪੀ.ਆਈ. ਕਂੌਮੀ ਕੌਂਸਲ ਦੇ ਮੈਂਬਰ ਅਤੇ ਪੰਜਾਬ ਏਟਕ ਤੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਵੱਲੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਹਾਨ ਸ਼ਹੀਦਾਂ ਦੇ ਕਾਰਨ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਤੋਂ ਵਾਂਝੇ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਹਨਾਂ ਦੇ ਦੱਸੇ ਪੂਰਨਿਆਂ 'ਤੇ ਚੱਲਣ ਦੀ ਲੋੜ ਹੈ। ਸਮਾਗਮ ਦੌਰਾਨ ਨਗਰ ਪੰਚਾਇਤ ਜੋਗਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਜੋਗਾ ਦੀ ਅਗਵਾਈ ਵਿੱਚ ਜੋਗੇ ਦੇ ਵਿਕਾਸ ਲਈ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਨੂੰ ਖਜ਼ਾਨਾ ਮੰਤਰੀ ਵੱਲੋਂ ਪ੍ਰਵਾਨ ਕਰਦਿਆਂ 20 ਲੱਖ ਰੁਪਏ ਜੋਗੇ ਦੇ ਵਿਕਾਸ ਲਈ ਅਤੇ ਸਰਕਾਰੀ ਸਕੂਲ ਕਾਮਰੇਡ ਜੰਗੀਰ ਸਿੰਘ ਜੋਗਾ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ ਗਿਆ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਾਮਰੇਡ ਜੋਗਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਡਾ. ਕੁਲਦੀਪ ਦੀਪ ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨੀ ਸੰਕਟ ਦੇ ਅਧਾਰ 'ਤੇ ਖੁਦਕੁਸ਼ੀਆਂ ਦੇ ਮੋੜ 'ਤੇ ਨਾਟਕ ਪੇਸ਼ ਕਰਕੇ ਸਮਾਗਮ ਦੌਰਾਨ ਹਾਜ਼ਰੀਨ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ। ਲੋਕ ਗਾਇਕ ਜਗਸੀਰ ਜੀਦਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ਅਤੇ ਇਨਕਲਾਬੀ ਬੋਲੀਆਂ ਨਾਲ ਸ੍ਰੋਤਿਆਂ ਨੂੰ ਕੀਲ ਕੇ ਰੱਖਿਆ ਗਿਆ। ਇਸ ਮੌਕੇ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਝਲਬੂਟੀ, ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਘੁੰਮਣ, ਸੀਤਾ ਰਾਮ ਗੋਬਿੰਦਪੁਰਾ, ਨਿਹਾਲ ਸਿੰਘ ਮਾਨਸਾ, ਰੂਪ ਸਿੰਘ ਢਿੱਲੋਂ ਸੀ.ਪੀ.ਆਈ. ਆਗੂ, ਮੇਘਾ ਸਿੰਘ ਪ੍ਰਧਾਨ ਨਗਰ ਪੰਚਾਇਤ ਜੋਗਾ, ਬਲਕਰਨ ਸਿੰਘ ਬਰਾੜ ਸੀ.ਪੀ.ਆਈ. ਬਠਿੰਡਾ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਸਮੇਂ ਹੋਰਨਾਂ ਤੋਂ ਰਜਿੰਦਰ ਸਿੰਘ ਮਿੰਟੂ, ਜਥੇਦਾਰ ਮਲਕੀਤ ਸਿੰਘ, ਦਰਸ਼ਨ ਸਿੰਘ ਮੂਲੇਵਾਲੀਆ, ਮਲਕੀਤ ਸਿੰਘ ਫੌਜੀ, ਗੁਰਮੇਲ ਕੌਰ, ਜਸਪਾਲ ਕੌਰ, ਬਲਜੀਤ ਕੌਰ, ਸਾਰੇ ਐਮ.ਸੀ. ਨਗਰ ਪੰਚਾਇਤ ਜੋਗਾ, ਹਰਮੇਸ਼ ਖਿਆਲਾ, ਬਲਦੇਵ ਸਿੰਘ ਰੜ੍ਹ, ਦੋਵੇਂ ਸਰਪੰਚ, ਪ੍ਰਕਾਸ਼ ਸਿੰਘ ਮਾਖਾ, ਬਿਟੂ ਭੁਪਾਲ, ਮਨਜੀਤ ਕੌਰ ਗਾਮੀਵਾਲਾ, ਭੁਪਿੰਦਰ ਸਿੰਘ ਭਾਈਦੇਸਾ, ਹਰਪਾਲ ਸਿੰਘ ਪਾਲੀ, ਸਾਬਕਾ ਕੌਸਲਰ, ਨੰਦੀ ਸ਼ਰਮਾ ਮਾਨਸਾ, ਲਖਵਿੰਦਰ ਸਿੰਘ ਲਖਨਪਾਲ ਕਾਂਗਰਸੀ ਆਗੂ, ਭਜਨ ਸਿੰਘ ਜੋਗਾ ਆਦਿ ਆਗੂ ਸ਼ਾਮਲ ਸਨ। ਸਟੇਜ ਸਕੱਤਰ ਦੀ ਭੂਮਿਕਾ ਕ੍ਰਿਸ਼ਨ ਚੌਹਾਨ ਵੱਲੋਂ ਬਾਖੂਬੀ ਨਿਭਾਈ ਗਈ।