ਕਰੋੜਾਂ ਦੀ ਸਰਕਾਰੀ ਕਣਕ ਦਾ ਗਬਨ, 3 ਦੋਸ਼ੀ ਕਾਬੂ


ਵਲਟੋਹਾ (ਰਣਜੀਤ ਸਿੰਘ)
ਭਿੱਖੀਵਿੰਡ ਦੀ ਪੁਲਸ ਨੇ ਬੀਤੇ ਸਮੇਂ ਦਰਜ ਕੀਤੇ ਗਏ ਮੁਕੱਦਮੇ ਵਿੱਚ ਫਰਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਭਿੱਖੀਵਿੰਡ ਦੇ ਡੀ ਐੱਸ ਪੀ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਤਰਨ ਤਾਰਨ ਵਿੱਚ ਬਤੌਰ ਸਟੋਰਮੈਨ ਨੌਕਰੀ ਕਰਦੇ ਬਖਸ਼ੀਸ਼ ਸਿੰਘ ਦੀ ਸਾਲ 2003 ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ ਮ੍ਰਿਤਕ ਬਖਸ਼ੀਸ਼ ਸਿੰਘ ਦੇ ਲੜਕੇ ਪਵਨਪ੍ਰੀਤ ਸਿੰਘ ਨੂੰ ਸਟੋਰਮੈਨ ਵਜੋਂ ਭਰਤੀ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ 2008 ਵਿੱਚ ਪਵਨਪ੍ਰੀਤ ਸਿੰਘ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੇ ਇੰਸਪੈਕਟਰ ਦੇ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਉਸ ਵਕਤ ਵਿਭਾਗ ਵੱਲੋਂ ਪਵਨਪ੍ਰੀਤ ਸਿੰਘ ਨੂੰ ਅਲੱਗ ਤੌਰ 'ਤੇ ਪਿੰਡ ਦਿਆਲਪੁਰ ਦੇ ਗੋਦਾਮ ਦਾ ਚਾਰਜ ਦਿੱਤਾ ਗਿਆ ਸੀ। ਉਪਰੰਤ ਵਿਭਾਗ ਵੱਲੋਂ ਉਸ ਨੂੰ ਪਿੰਡ ਦਿਆਲਪੁਰ, ਮਨਿਹਾਲਾ ਜੈ ਸਿੰਘ ਦੇ ਗੋਦਾਮਾਂ ਦਾ ਅਤੇ ਪਿੰਡ ਪਹੂਵਿੰਡ ਦੇ ਖੁੱਲ੍ਹੇ ਗੋਦਾਮ ਦਾ ਚਾਰਜ ਵੀ ਦੇ ਦਿੱਤਾ ਗਿਆ। ਉਨ੍ਹਾ ਦਸਿਆ ਕਿ ਉਸ ਵਕਤ ਪੰਜਾਬ ਐਗਰੋ ਦੇ ਡਾਇਰੈਕਟਰ ਕਾਹਨ ਸਿੰਘ ਪਨੂੰ ਵੱਲੋਂ ਗੋਦਾਮਾਂ ਵਿੱਚ ਪਈ ਕਣਕ ਹੇਰਾਫੇਰੀ ਹੋਣ ਦਾ ਸ਼ੱਕ ਪੈਣ 'ਤੇ ਉਨ੍ਹਾਂ ਨੇ ਡੀ ਐਮ ਰੈਂਕ ਦੇ 6 ਅਧਿਕਾਰੀਆਂ ਦੀ ਕਮੇਟੀ ਬਣਾ ਕੇ ਉਨ੍ਹਾਂ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਾਂਚ ਕਮੇਟੀ ਵੱਲੋਂ ਜਾਂਚ ਕਰਨ 'ਤੇ ਪਾਇਆ ਗਿਆ ਕਿ ਸਾਲ 2010-11 ਅਤੇ 2011-12 ਤੋਂ ਇਲਾਵਾ ਸਾਲ 2013 ਦੇ ਅੱਧ ਤੱਕ ਗੋਦਾਮਾਂ ਵਿੱਚੋਂ 44532 ਕਣਕ ਦੇ ਤੋੜੇ, ਜਿਸ ਦਾ ਵਜ਼ਨ 22266 ਕੁਇੰਟਲ ਬਣਦਾ ਸੀ, ਘੱਟ ਪਾਏ ਗਏ, ਅਤੇ 4 ਕਰੋੜ, 39 ਲੱਖ, 27 ਹਜ਼ਾਰ, 566 ਰੁਪਏ ਦਾ ਘੁਟਾਲਾ ਪਾਇਆ ਗਿਆ ਸੀ। ਡੀ ਐੱਸ ਪੀ ਨੇ ਦਸਿਆ ਕਿ ਜਾਂਚ ਕਮੇਟੀ ਵੱਲੋਂ ਪੜਤਾਲ 'ਤੇ ਸਾਲ 2013-14 ਵਿੱਚ ਪਿੰਡ ਮੰਨਹਾਲਾ ਜੈ ਸਿੰਘ ਦੇ ਗੋਦਾਮ ਵਿੱਚੋਂ 79431 ਤੋੜੇ, ਜਿਸ ਦਾ ਵਜ਼ਨ 39715 ਕੁਇੰਟਲ ਬਣਦਾ ਸੀ ਅਤੇ ਇਸ ਦੀ ਕੀਮਤ 7 ਕਰੋੜ 20 ਲੱਖ 10 ਹਜ਼ਾਰ ਰੁਪਏ ਬਣਦੀ ਸੀ, ਦਾ ਘਪਲਾ ਕੀਤਾ ਗਿਆ ਸੀ। ਉਨ੍ਹਾ ਦਸਿਆ ਕਿ ਜਾਂਚ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਦੇ ਅਧਾਰ 'ਤੇ ਪੁਲਸ ਵੱਲੋਂ ਪਵਨਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਤਾਂ ਪਵਨਪ੍ਰੀਤ ਸਿੰਘ ਦੀ ਪਤਨੀ ਨੇ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਇਸ ਘਪਲੇ ਵਿੱਚ ਵਿਭਾਗ ਦੇ ਉੱਚ ਅਧਿਕਾਰੀ ਵੀ ਸ਼ਾਮਲ ਹਨ, ਪਰ ਵਿਭਾਗ ਵੱਲੋਂ ਸਿਰਫ਼ ਪਵਨਪ੍ਰੀਤ ਸਿੰਘ ਵਿਰੁੱਧ ਹੀ ਕੇਸ ਦਰਜ ਕਰਕੇ ਦੂਜੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾ ਦਸਿਆ ਕਿ ਪਵਨਪ੍ਰੀਤ ਸਿੰਘ ਦੀ ਪਤਨੀ ਵੱਲੋਂ ਕੀਤੀ ਸ਼ਿਕਾਇਤ 'ਤੇ ਸਰਕਾਰ ਦੇ ਹੁਕਮਾਂ 'ਤੇ ਇਸ ਕੇਸ ਦੀ ਐੱਸ ਐਸ ਪੀ ਬਟਾਲਾ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਉਨ੍ਹਾ ਦਸਿਆ ਕਿ ਐੱਸ ਐਸ ਪੀ ਬਟਾਲਾ ਵੱਲੋਂ ਇਸ ਕੇਸ ਦੀ ਜਾਂਚ ਕਰਨ 'ਤੇ ਪਾਇਆ ਗਿਆ ਕਿ ਵਿਭਾਗ ਦੇ ਡੀ ਐਮ ਜਸਵੰਤ ਰਾਏ ਪੁੱਤਰ ਬਸੰਤਾ ਰਾਮ ਵਾਸੀ ਬਲਾਚੌਰ ਅਤੇ ਇੱਕ ਹੋਰ ਅਧਿਕਾਰੀ ਵੀ ਐੱਸ ਰੰਧਾਵਾ ਵੀ ਇਸ ਘਪਲੇ ਵਿੱਚ ਸ਼ਾਮਲ ਸਨ। ਡੀ ਐਸ ਪੀ ਨੇ ਦੱਸਿਆ ਕਿ ਪੁਲਸ ਵੱਲੋਂ ਪਵਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਕੀਤੀ ਗਈ ਪੁੱਛਗਿੱਛ 'ਤੇ ਉਸ ਨੇ ਦੱਸਿਆ ਕਿ ਇਸ ਘਪਲੇ ਵਿੱਚ ਕ੍ਰਿਸ਼ਨਪਾਲ ਜੱਜ, ਪੁੱਤਰ ਫਕੀਰ ਚੰਦ, ਭਾਰਤ ਭੂਸ਼ਣ ਪੁੱਤਰ ਫ਼ਕੀਰ ਚੰਦ, ਨੀਰਜ ਤੇ ਜੋਗੀ ਪੁਤਰਾਨ ਭੂਸ਼ਣ ਵਾਸੀ ਖਾਲੜਾ, ਸੁਖਦੇਵ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਪੱਟੀ, ਸਤਨਾਮ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਛਾਪਾ ਵੀ ਸ਼ਾਮਲ ਹਨ। ਡੀ ਐੱਸ ਪੀ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਕੇਸ ਦੇ ਸੰਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਪਵਨਪ੍ਰੀਤ ਸਿੰਘ ਇੰਸਪੈਕਟਰ, ਸੁਖਦੇਵ ਸਿੰਘ, ਵਾਸੀ ਪੱਟੀ, ਸਤਨਾਮ ਸਿੰਘ ਵਾਸੀ ਛਾਪਾ ਸ਼ਾਮਲ ਹਨ ਅਤੇ ਬਾਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।