ਬਨੇਗਾ ਲਈ ਚੱਲੇ ਲਾਂਗ ਮਾਰਚ ਨੇ 39 ਦਿਨਾਂ ਦਾ ਸਫਲਤਾ ਪੂਰਵਕ ਤਹਿ ਕੀਤਾ ਸਫਰ


ਮੱਧਣੀਪੂਰਾ (ਪੱਛਮੀ ਬੰਗਾਲ)
(ਨਵਾਂ ਜ਼ਮਾਨਾ ਸਰਵਿਸ)
ਭਾਰਤ ਦੇਸ਼ ਦੇ ਸਭ ਨੌਜਵਾਨਾਂ ਲਈ ਰੁਜ਼ਗਾਰ ਦੀ ਗਾਰੰਟੀ ਦੀ ਅਵਾਜ਼ ਨੂੰ ਬੁਲੰਦ ਕਰਨ, ਹਰ ਇਕ ਲਈ ਵਿਦਿਆ ਮੁਫਤ ਤੇ ਲਾਜ਼ਮੀ, ਵਿਗਿਆਨ ਅਤੇ ਇਕਸਾਰ ਲਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਦੀ ਕੌਂਮੀ ਕੌਂਸਲਾਂ ਵਲੋਂ 15 ਜੁਲਾਈ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਏ ਲਾਂਗ ਮਾਰਚ ਨੇ ਅੱਜ ਤੱਕ 39 ਦਿਨਾਂ ਦਾ ਆਪਣਾ ਲੰਮਾਂ ਸਫਰ ਸਫਲਤਾ ਪੂਰਵਕ ਤਹਿ ਕਰ ਲਿਆ ਹੈ ਅਤੇ ਅੱਗੇ ਇਸ ਮਾਰਚ ਦਾ ਸਫਰ ਜਾਰੀ ਹੈ। ਕੰਨਿਆ ਕੁਮਾਰੀ ਤੋਂ ਸ਼ੁਰੂ ਹੋਏ ਲਾਂਗ ਮਾਰਚ ਤਾਮਿਲਨਾਡੂ, ਕੇਰਲਾ, ਪੰਡੂਚਰੀ, ਆਂਧਰਾ ਪ੍ਰਦੇਸ਼, ਤੇਲਿੰਗਾਨਾ, ਕਰਨਾਟਕਾ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਅਤੇ ਪੱਛਮੀ ਬੰਗਾਲ 12 ਰਾਜਾਂ ਵਿੱਚ ਪਹੁੰਚ ਕੇ ਆਪਣੇ ਉਦੇਸ਼ ਪ੍ਰਤੀ ਉਥੋਂ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਚੇਤਨ ਕਰ ਚੁੱਕਿਆ ਹੈ। ਇਸ ਮਾਰਚ ਦੀ ਅਗਵਾਈ ਏ.ਆਈ.ਐਸ.ਐਫ. ਦੇ ਕੌਮੀ ਪ੍ਰਧਾਨ ਸਾਥੀ ਵਲੀ ਉੱਲਾ ਕਾਦਰੀ, ਜਨਰਲ ਸਕੱਤਰ ਵਿਸ਼ਵਜੀਤ ਕੁਮਾਰ, ਖਜ਼ਾਨਚੀ ਵਿੱਕੀ ਮਹੇਸ਼ਰੀ, ਵਿਦਿਆਰਥਣਾਂ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਕੌਰ ਬੱਧਨੀ, ਕੋ-ਕਨਵੀਨਰ ਚਿੰਚੂ ਬਾਬੂ, ਚੇਤੀ ਸੰਦੀਪ, ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਆਰ ਤ੍ਰਿਮਲਾਈ, ਕੌਮੀ ਪ੍ਰਧਾਨ ਅਫਤਾਬ ਆਲਮ ਖਾਨ, ਉਪ ਪ੍ਰਧਾਨ ਪਰਮਜੀਤ ਢਾਬਾਂ, ਕੌਮੀ ਸਕੱਤਰ ਤਪਸ ਸਿਨ੍ਹਾ, ਅਮਿਤ ਸੋਨੀ, ਲੈਨਿਨ ਬਾਬੂ, ਕੇ.ਰਾਜਨ (ਵਿਧਾਇਕ ਕੇਰਲਾ) ਤੋਂ ਇਲਾਵਾ ਹੋਰ ਅਨੇਕਾ ਕੌਮੀ ਅਤੇ ਸੂਬਾ ਆਗੂ ਸ਼ਾਮਲ ਨੌਜਵਾਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਹਨ। ਇਸ ਲਾਂਗ ਮਾਰਚ ਦੌਰਾਨ ਜਵਾਹਰ ਲਾਲ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਸਾਥੀ ਕਨ੍ਹਇਆ ਕੁਮਾਰ ਲਗਭਗ 15 ਸਭਾਵਾਂ ਨੂੰ ਸੰਬੋਧਨ ਕਰ ਚੁੱਕੇ ਹਨ। ਪੱਛਮੀ ਬੰਗਾਲ ਦੇ ਜ਼ਿਲ੍ਹਾ ਮਦਨੀਪੁਰਾ ਵਿਖੇ ਅੱਜ ਇਥੇ ਵੱਡੀ ਜਨ ਸਭਾ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ। ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਉਪ ਪ੍ਰਧਾਨ ਸਾਥੀ ਪਰਮਜੀਤ ਢਾਬਾਂ ਨੇ ਕਿਹਾ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਬਾਰੇ ਜਾਣ ਕੇ ਦੇਸ਼ ਦੇ ਵਿਦਿਆਰਥੀ ਅਤੇ ਨੌਜਵਾਨ ਆਪਣੇ ਰੁਜ਼ਗਾਰ ਦੇ ਅਧਿਕਾਰ ਪ੍ਰਤੀ ਜਾਗਰੂਕ ਹੋ ਰਹੇ ਹਨ।