ਅਹਿਮ ਖੁਲਾਸਾ; ਮੱਛੀਆਂ ਨੂੰ ਪਾ ਦਿੱਤਾ ਜਾਂਦਾ ਸੀ ਗਊਆਂ ਦਾ ਮੀਟ


ਰਾਏਪੁਰ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਆਗੂ ਹਰੀਸ਼ ਵਰਮਾ ਦੀ ਗਊਸ਼ਾਲਾ 'ਚ ਗਊਆਂ ਦੀ ਵੱਡੀ ਪੱਧਰ 'ਤੇ ਮੌਤ ਦਾ ਮਾਮਲਾ ਉਸ ਵੇਲੇ ਬਹੁਤ ਦੁਖਦਾਈ ਮੋੜ ਲੈ ਗਿਆ, ਜਦੋਂ ਇਹ ਗੱਲ ਸਾਹਮਣੇ ਆਈ ਕਿ ਵਰਮਾ ਵੱਲੋਂ ਗਊਸ਼ਾਲਾਂ 'ਚ ਮਰੀਆਂ ਗਊਆਂ ਦਾ ਮਾਸ ਆਪਣੇ ਤਲਾਬ 'ਚ ਮੱਛੀਆਂ ਨੂੰ ਪਾਇਆ ਜਾਂਦਾ ਸੀ ਤਾਂ ਜੋ ਮੱਛੀਆਂ ਛੇਤੀ ਤਿਆਰ ਹੋ ਸਕਣ। ਇਸ ਦੇ ਨਾਲ ਹੁਣ ਵਰਮਾ 'ਤੇ ਪਸ਼ੂਆਂ ਦੀ ਤਸਕਰੀ ਦੇ ਦੋਸ਼ ਵੀ ਲਗਣੇ ਸ਼ੁਰੂ ਹੋ ਗਏ ਹਨ।
ਹਾਲਾਂਕਿ ਕਿਸੇ ਸੀਨੀਅਰ ਅਧਿਕਾਰੀ ਨੇ ਇਹਨਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕੀਤੀ, ਪਰ ਛਤੀਸਗੜ੍ਹ ਗਊ ਸੇਵਾ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਜਪਾ ਆਗੂ ਹਰੀਸ਼ ਵਰਮਾ ਵਿਰੁੱਧ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਪੋਸਟ ਮਾਰਟਮ ਰਿਪੋਰਟ 'ਚ ਕਿਹਾ ਗਿਆ ਹੈ ਕਿ ਗਊਆਂ ਦੀ ਮੌਤ ਭੁੱਖ ਅਤੇ ਪਿਆਸ ਕਾਰਨ ਹੋਈ। ਮੁੱਖ ਮੰਤਰੀ ਰਮਨ ਸਿੰਘ ਨੇ ਮਾਮਲੇ ਦੀ ਜਾਂਚ ਦੇ ਨਾਲ-ਨਾਲ ਸੂਬੇ 'ਚ ਸਾਰੀਆਂ ਗਊਸ਼ਾਲਾਵਾਂ ਦੀ ਜਾਂਚ ਦਾ ਹੁਕਮ ਦਿੱਤਾ ਹੈ, ਉਥੇ ਪਸ਼ੂ ਪਾਲਣ ਮੰਤਰੀ ਬ੍ਰਿਜ ਮੋਹਨ ਅੱਗਰਵਾਲ ਨੇ ਲਾਪਰਵਾਹੀ ਦੇ ਦੋਸ਼ 'ਚ 9 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਗਊ ਸੇਵਾ ਕਮਿਸ਼ਨ ਦੇ ਸਕੱਤਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਨ੍ਹਾ ਕਿਹਾ ਕਿ ਵਿਭਾਗ ਵੱਲੋਂ ਭੇਜੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਰਮਾ ਵੱਲੋਂ ਚਲਾਈਆਂ ਜਾ ਰਹੀਆਂ ਗਊਸ਼ਾਲਾਵਾਂ 'ਚ ਬੇਨਿਯਮੀਆਂ ਦਾ ਪਤਾ ਲੱਗਣ ਦੇ ਬਾਵਜੂਦ ਇਹਨਾਂ ਅਧਿਕਾਰੀਆਂ ਨੇ ਕੋਈ ਕਾਰਵਾਈ ਨਾ ਕੀਤੀ, ਇਸ ਲਈ ਉਨ੍ਹਾ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਗਊ ਸੇਵਾ ਕਮਿਸ਼ਨ ਨੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਹਰੀਸ਼ ਵਰਮਾ ਨੂੰ 93 ਲੱਖ ਰੁਪਏ ਦਿੱਤੇ ਸਨ, ਪਰ ਉਸ ਨੇ ਇਸ ਪੈਸੇ ਦੀ ਵਰਤੋਂ ਨਾ ਕੀਤੀ ਅਤੇ ਵੱਡੀ ਪੱਧਰ 'ਤੇ ਗਊਆਂ ਦੀ ਚਾਰੇ ਖੁਣੋਂ ਭੁੱਖ ਨਾਲ ਮੌਤ ਹੋ ਗਈ। ਦੋਸ਼ਾਂ ਅਨੁਸਾਰ ਮੌਤ ਮਗਰੋਂ ਗਊਆਂ ਦਾ ਮੀਟ ਮੱਛੀਆਂ ਨੂੰ ਪਾ ਦਿੱਤਾ ਜਾਂਦਾ ਸੀ, ਤਾਂ ਜੋ ਬਾਹਰ ਕਿਸੇ ਨੂੰ ਇਸ ਗੱਲ ਦੀ ਭਿਣਕ ਨਾ ਲੱਗ ਸਕੇ।
ਹਾਲਾਂਕਿ ਪਿੰਡ ਵਾਲਿਆਂ ਨੇ ਗਊਸ਼ਾਲਾ 'ਚ 200 ਮੌਤਾਂ ਦਾ ਦਾਅਵਾ ਕੀਤਾ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਐਸ ਕੇ ਪਾਂਡੇ ਨੇ ਧਾਮਦਾ ਗਊਸ਼ਾਲਾ 'ਚ 50 ਤੋਂ 74, ਗੋਦਮਰਾ ਗਊਸ਼ਾਲਾ 'ਚ 11 ਅਤੇ ਰਾਣੋ ਪਿੰਡ ਸਥਿਤ ਗਊਸ਼ਾਲਾ 'ਚ 13 ਮੌਤਾਂ ਦੀ ਪੁਸ਼ਟੀ ਕੀਤੀ ਹੈ।
ਇੱਕ ਅਧਿਕਾਰੀ ਨੇ ਕਿਹਾ ਕਿ ਵਰਮਾ ਨੇ ਬਹੁਤ ਸਾਰੀਆਂ ਗਊਆਂ ਦਬਾਅ ਦਿੱਤੀਆਂ। ਉਨ੍ਹਾ ਕਿਹਾ ਕਿ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।