ਓ ਬੀ ਸੀ ਰਾਖਵੇਂਕਰਨ ਲਈ ਕ੍ਰੀਮੀਲੇਅਰ ਦੀ ਆਮਦਨ ਹੱਦ ਵਧਾ ਕੇ 8 ਲੱਖ ਰੁਪਏ ਕੀਤੀ ਗਈ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਕੇਂਦਰ ਸਰਕਾਰ ਨੇ ਓ ਬੀ ਸੀ ਰਾਖਵੇਂਕਰਨ ਲਈ ਕ੍ਰੀਮੀਲੇਅਰ (ਸਰਦਾ-ਪੁਜਦਾ ਵਰਗ) ਦੀ ਆਮਦਨ ਹੱਦ ਵਧਾ ਦਿੱਤੀ ਹੈ। ਹੁਣ 8 ਲੱਖ ਰੁਪਏ ਜਾਂ ਇਸ ਤੋਂ ਵੱਧ ਕਮਾਉਣ ਵਾਲੇ ਹੀ ਕ੍ਰੀਮੀਲੇਅਰ 'ਚ ਆਉਣਗੇ। ਇਹ ਐਲਾਨ ਕਰਦਿਆਂ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਦੇ ਨਵੇਂ ਫ਼ੈਸਲੇ ਨਾਲ ਓ ਬੀ ਸੀ ਵਰਗ ਦੇ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਅਤੇ ਭਰਤੀ 'ਚ ਰਾਖਵੇਂਕਰਨ ਦਾ ਫ਼ਾਇਦਾ ਮਿਲੇਗੀ। ਪਹਿਲਾਂ ਇਹ ਹੱਦ 6 ਲੱਖ ਰੁਪਏ ਸਾਲਾਨਾ ਸੀ।
ਜੇਤਲੀ ਨੇ ਦਸਿਆ ਕਿ ਓ ਬੀ ਸੀ ਦੀ ਸੂਚੀ 'ਚ ਸਬ ਕੈਟੇਗਰੀ ਬਣਾਉਣ ਲਈ ਇੱਕ ਕਮਿਸ਼ਨ ਦਾ ਗਠਨ ਕਰਨ ਲਈ ਸਿਫ਼ਾਰਸ਼ ਰਾਸ਼ਟਰਪਤੀ ਕੋਲ ਭੇਜੀ ਗਈ ਹੈ, ਜਿਸ 'ਚ ਲਾਭ ਪ੍ਰਾਪਤ ਕਰ ਸਕਣ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਓ ਬੀ ਸੀ ਰਾਖਵੇਂਕਰਨ ਲਈ ਆਖਰੀ ਸਮੀਖਿਆ 2013 'ਚ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਹੁਣ 8 ਲੱਖ ਜਾਂ ਇਸ ਤੋਂ ਵੱਧ ਸਾਲਾਨਾ ਕਮਾਉਣ ਵਾਲੇ ਕ੍ਰੀਮੀ ਲੇਅਰ 'ਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਰਾਖਵੇਂਕਰਨ ਦਾ ਲਾਭ ਨਹੀਂ ਮਿਲੇਗਾ। ਉਹ ਰਾਖਵੇਂਕਰਨ ਦੇ ਦਾਇਰੇ 'ਚੋਂ ਬਾਹਰ ਹੋ ਜਾਣਗੇ। ਜ਼ਿਕਰਯੋਗ ਹੈ ਕਿ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ 'ਚ ਓ ਬੀ ਸੀ ਲਈ 27 ਫ਼ੀਸਦੀ ਰਾਖਵੇਂਕਰਨ ਦੀ ਵਿਵਸਥਾ ਹੈ।