ਏ ਕੇ 47 ਤੇ ਪਿਸਤੌਲ ਸਣੇ ਡੇਰਾ ਪ੍ਰੇਮੀ ਗ੍ਰਿਫ਼ਤਾਰ


ਸਿਰਸਾ (ਨਵਾਂ ਜ਼ਮਾਨਾ ਸਰਵਿਸ)
ਪੁਲਸ ਨੇ ਡੇਰਾ ਸੱਚਾ ਸੌਦਾ ਨੇੜਿਉਂ ਡੇਰਾ ਮੁਖੀ ਦੇ ਇੱਕ ਹਮਾਇਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਦੋ ਏ ਕੇ 47, ਕੁਝ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ। ਉਹ ਕਾਰ 'ਚ ਸਵਾਰ ਸੀ ਅਤੇ ਪਿਛਲੇ ਰਸਤੇ ਰਾਹੀਂ ਡੇਰੇ 'ਚ ਦਾਖ਼ਲ ਹੋਣ ਦੇ ਯਤਨਾਂ 'ਚ ਸੀ।
ਦੂਜੇ ਪਾਸੇ ਫ਼ੌਜ ਅਤੇ ਅਧਿਕਾਰੀਆਂ ਦੀਆਂ ਅਪੀਲਾਂ ਦੇ ਬਾਵਜੂਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੋਕਾਰ ਅਜੇ ਵੀ ਡੇਰੇ ਦੇ ਹੈਡਕੁਆਰਟਰ 'ਚ ਡਟੇ ਹੋਏ ਹਨ। ਫ਼ੌਜ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਡੇਰੇ 'ਚੋਂ ਜਾਣ ਦੀ ਅਪੀਲ ਕੀਤੀ ਸੀ, ਪਰ ਉਨ੍ਹਾ 'ਤੇ ਅਪੀਲ ਦਾ ਕੋਈ ਅਸਰ ਨਾ ਹੋਇਆ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਕੱਲ੍ਹ ਹੋਈ ਹਿੰਸਾ ਮਗਰੋਂ ਫ਼ੌਜ ਨੇ ਪੁਲਸ ਨਾਲ ਮਿਲ ਕੇ ਡੇਰਾ ਸੱਚਾ ਸੌਦਾ ਵੱਲ ਜਾਂਦੇ ਰਸਤਿਆਂ 'ਤੇ ਬੈਰੀਕੇਡ ਲਾ ਦਿੱਤੇ ਸਨ। ਪੁਲਸ ਦੇ ਇੱਕ ਤਰਜਮਾਨ ਨੇ ਦਸਿਆ ਕਿ 15 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਡੇਰੇ ਨੂੰ ਖਾਲੀ ਕਰਵਾਉਣ ਲਈ ਵੱਖ-ਵੱਖ ਬਦਲਾਂ 'ਤੇ ਵਿਚਾਰ ਕਰ ਰਿਹਾ ਹੈ। ਹਿਸਾਰ ਦੇ ਆਈ ਜੀ ਏ ਐਸ ਢਿਲੋਂ ਨੇ ਕਿਹਾ ਕਿ ਕਾਨੂੰਨ ਹੱਥ 'ਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਸੂਤਰਾਂ ਨੇ ਖੁਲਾਸਾ ਕੀਤਾ ਕਿ ਫ਼ੌਜ ਨੂੰ ਬੀਤੀ ਰਾਤ ਡੇਰਾ ਕੰਪਲੈਕਸ ਦਾ ਨਕਸ਼ਾ ਦਿੱਤਾ ਗਿਆ। ਤਕਰੀਬਨ 1000 ਏਕੜ ਜ਼ਮੀਨ 'ਚ ਫੈਲਿਆ ਇਹ ਡੇਰਾ ਆਪਣੇ ਆਪ 'ਚ ਇੱਕ ਸ਼ਹਿਰ ਹੈ, ਜਿਸ 'ਚ ਸਕੂਲ, ਖੇਡ ਪਿੰਡ, ਹਸਪਤਾਲ ਅਤੇ ਸਿਨਮਾ ਹਾਲ ਹਨ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਭੜਕੀ ਹਿੰਸਾ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ 'ਚੋਂ ਹੋ ਕੇ ਲੰਘਣ ਵਾਲੀਆਂ 300 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।