ਡੇਰੇ 'ਚ ਫ਼ੌਜ ਨਹੀਂ ਭੇਜੀ ਗਈ : ਮੁੱਖ ਸਕੱਤਰ


ਸਿਰਸਾ (ਨਵਾਂ ਜ਼ਮਾਨਾ ਸਰਵਿਸ)
ਹਰਿਆਣਾ ਦੇ ਮੁੱਖ ਸਕੱਤਰ ਡੀ ਐਸ ਢੇਸੀ ਨੇ ਡੇਰਾ ਸੱਚਾ ਸੌਦਾ ਦੇ ਸਿਰਸਾ ਹੈੱਡ ਕੁਆਰਟਰ 'ਚ ਫ਼ੌਜ ਦੇ ਦਾਖ਼ਲੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਿੰਸਾ 'ਚ ਮਾਰੇ ਗਏ ਸਾਰੇ ਵਿਅਕਤੀ ਡੇਰਾ ਹਮਾਇਤੀ ਹਨ ਅਤੇ ਹੁਣ ਤੱਕ ਹਿੰਸਾ ਦੇ ਸੰਬੰਧ 'ਚ 524 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁੱਖ ਸਕੱਤਰ ਨੇ ਦਸਿਆ ਕਿ ਕੱਲ੍ਹ ਦੇ ਓਪਰੇਸ਼ਨ ਦੌਰਾਨ ਪੰਚਕੂਲਾ ਅਦਾਲਤ ਤੋਂ ਕੁਝ ਦੂਰੀ 'ਤੇ ਡੇਰਾ ਹਮਾਇਤੀ ਦੀ ਗੱਡੀ 'ਚੋਂ ਇੱਕ ਏ ਕੇ 47, ਇੱਕ ਮਾਊਜ਼ਰ, ਦੂਜੀ ਗੱਡੀ 'ਚੋਂ ਇੱਕ ਪਿਸਤੌਲ ਅਤੇ 5 ਰਾਇਫਲਾਂ ਬਰਾਮਦ ਕੀਤੀਆਂ ਗਈਆਂ। ਉਧਰ ਹਾਈ ਕੋਰਟ ਨੇ ਮੰਗਲਵਾਰ ਤੱਕ ਡੇਰੇ ਦੀ ਜਾਇਦਾਦ ਦਾ ਪੂਰਾ ਵੇਰਵਾ ਸੌਂਪਣ ਦਾ ਹੁਕਮ ਦਿੱਤਾ ਹੈ। ਹਰਿਆਣਾ ਦੇ ਡੀ ਜੀ ਪੀ ਨੇ ਕਿਹਾ ਹੈ ਕਿ ਸੂਬੇ 'ਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾ ਦਸਿਆ ਕਿ ਡੇਰਾ ਮੁਖੀ ਦੇ 6 ਸੁਰੱਖਿਆ ਗਾਰਡਾਂ ਅਤੇ ਦੋ ਹਮਾਇਤੀਆਂ 'ਤੇ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਪੰਚਕੂਲਾ ਦੇ ਹਿੰਸਾ ਦੇ ਪ੍ਰਭਾਵਤ ਇਲਾਕਿਆਂ 'ਚ ਦਫ਼ਾ 144 ਲਾਈ ਗਈ ਹੈ। ਕੱਲ੍ਹ ਦੀ ਹਿੰਸਾ ਮਗਰੋਂ ਪੰਚਕੂਲਾ 'ਚ ਫ਼ੌਜ ਤਾਇਨਾਤ ਹੈ ਅਤੇ ਬੀਤੀ ਰਾਤ ਤੋਂ ਸ਼ਹਿਰ 'ਚ ਹਿੰਸਾ ਦੀ ਕੋਈ ਖ਼ਬਰ ਨਹੀਂ ਹੈ।
ਪੰਜਾਬ 'ਚ ਵੀ ਫ਼ਰੀਦਕੋਟ, ਬਰਨਾਲਾ ਅਤੇ ਪਟਿਆਲਾ ਸਮੇਤ 10 ਸ਼ਹਿਰਾਂ 'ਚ ਕਰਫ਼ਿਊ ਲਾਇਆ ਗਿਆ ਹੈ। ਰੇਲਵੇ ਵੱਲੋਂ ਦਿੱਲੀ-ਅੰਮ੍ਰਿਤਸਰ ਰੂਟ 'ਤੇ ਰੇਲ ਸੇਵਾ ਅੱਜ ਵੀ ਪੂਰੀ ਤਰ੍ਹਾਂ ਬੰਦ ਰਹੀ।
ਡੇਰਾ ਹਮਾਇਤੀਆਂ ਦੀ ਹਿੰਸਾ ਨੂੰ ਰੋਕਣ 'ਚ ਨਾਕਾਮ ਰਹਿਣ 'ਤੇ ਪੰਚਕੂਲਾ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਡੀ ਸੀ ਪੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇੱਕ ਪੁਲਸ ਤਰਜਮਾਨ ਨੇ ਦਸਿਆ ਕਿ ਕਰਨਾਲ ਤੋਂ ਡੇਰੇ ਦੇ 15 ਹਮਾਇਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੁਰੱਖਿਆ ਏਜੰਸੀਆਂ ਦੇ ਸੂਤਰਾਂ ਅਨੁਸਾਰ ਡੇਰਾ ਸਿਰਸਾ ਵਿਖੇ 32 ਹਜ਼ਾਰ ਤੋਂ ਵੱਧ ਲੋਕ ਹਨ, ਜਿਨ੍ਹਾ 'ਚ ਵੱਡੀ ਗਿਣਤੀ 'ਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਉਨ੍ਹਾ ਕਿਹਾ ਕਿ ਔਰਤਾਂ ਤੇ ਬੱਚਿਆਂ ਨੂੰ ਡੇਰੇ 'ਚੋਂ ਬਾਹਰ ਕੱਢਣਾ ਸਭ ਤੋਂ ਵੱਡੀ ਚੁਣੌਤੀ ਹੈ। ਡੇਰੇ ਦੇ ਚਾਰੇ ਪਾਸੇ ਫ਼ੌਜ ਲਾ ਕੇ ਡੇਰੇ ਦੀ ਪੂਰੀ ਤਰ੍ਹਾਂ ਨਾਕੇਬੰਦੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਸਿਰਸਾ 'ਚ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੰਚਕੂਲਾ ਅਤੇ ਸਿਰਸਾ 'ਚ ਕੱਲ੍ਹ ਹੋਈ ਹਿੰਸਾ 'ਚ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।