Latest News

ਡੋਕਲਾਮ ਵਿਵਾਦ ਹੱਲ; ਭਾਰਤ-ਚੀਨ ਫ਼ੌਜ ਹਟਾਉਣ ਲਈ ਸਹਿਮਤ

Published on 28 Aug, 2017 11:25 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਪਿਛਲੇ ਦੋ ਮਹੀਨਿਆਂ 'ਚ ਸਿੱਕਮ 'ਚ ਡੋਕਲਾਮ ਵਿਖੇ ਭਾਰਤ ਅਤੇ ਚੀਨ ਵਿਚਕਾਰ ਕਾਫ਼ੀ ਵਿਵਾਦ ਹੱਲ ਹੋ ਗਿਆ ਹੈ। ਭਾਰਤ ਅਤੇ ਚੀਨ ਦੋਵੇਂ ਡੋਕਲਾਮ ਤੋਂ ਆਪਣੀਆਂ ਫ਼ੌਜਾਂ ਹਟਾਉਣ 'ਤੇ ਸਹਿਮਤ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਵੱਲੋਂ ਭਾਰਤ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਪਹਿਲਾਂ ਭਾਰਤ ਡੋਕਲਾਮ ਤੋਂ ਫ਼ੌਜ ਵਾਪਸ ਸੱਦੇ ਤਾਂ ਹੀ ਭਾਰਤ ਨਾਲ ਇਸ ਮੁੱਦੇ 'ਤੇ ਕੋਈ ਗੱਲਬਾਤ ਕੀਤੀ ਜਾਵੇਗੀ। ਇਸ ਦੇ ਜੁਆਬ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਫ਼ ਸ਼ਬਦਾਂ 'ਚ ਕਿਹਾ ਸੀ ਕਿ ਭਾਰਤ ਡੋਕਲਾਮ ਤੋਂ ਆਪਣੀ ਫ਼ੌਜ ਵਾਪਸ ਨਹੀਂ ਸੱਦੇਗਾ ਅਤੇ ਚੀਨ ਨੂੰ ਜਿਉਂ ਦਾ ਤਿਉਂ ਵਾਲੀ ਸਥਿਤੀ ਮੰਨਣੀ ਹੀ ਪਵੇਗੀ।
ਅੱਜ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਦੋਹਾਂ ਦੇਸ਼ਾਂ ਨੇ ਇਸ ਮੁੱਦੇ 'ਤੇ ਲਗਾਤਾਰ ਗੱਲਬਾਤ ਕੀਤੀ ਹੈ, ਜਿਸ ਮਗਰੋਂ ਇਹ ਫ਼ੈਸਲਾ ਲਿਆ ਗਿਆ। ਉਨ੍ਹਾ ਕਿਹਾ ਕਿ ਇਸ ਵਿਵਾਦ ਨੂੰ ਸੁਲਝਾਉਣ ਲਈ ਦੋਹਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਗੱਲਬਾਤ ਲਗਾਤਾਰ ਜਾਰੀ ਸੀ ਅਤੇ ਸਮਝੌਤੇ ਅਨੁਸਾਰ ਦੋਵੇਂ ਦੇਸ਼ ਹੌਲੀ-ਹੌਲੀ ਉਥੋਂ ਆਪਣੀ ਫ਼ੌਜ ਹਟਾ ਲੈਣਗੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਇਸ ਮੁੱਦੇ 'ਤੇ ਕੂਟਨੀਤਕ ਗੱਲਬਾਤ ਕੀਤੀ ਅਤੇ ਅਸੀਂ ਆਪਣੇ ਸਰੋਕਾਰ ਅਤੇ ਵਿਚਾਰ ਚੀਨ ਅੱਗੇ ਰੱਖੇ, ਜਿਸ ਮਗਰੋਂ ਦੋਹਾਂ ਦੇਸ਼ਾਂ ਵਿਚਕਾਰ ਫ਼ੌਜ ਹਟਾਉਣ ਬਾਰੇ ਸਹਿਮਤੀ ਬਣੀ। ਜ਼ਿਕਰਯੋਗ ਹੈ ਕਿ ਭਾਰਤ ਨੇ ਡੋਕਲਾਮ ਵਿਵਾਦ ਗੱਲਬਾਤ ਰਾਹੀਂ ਸੁਲਝਾਏ ਜਾਣ 'ਤੇ ਜ਼ੋਰ ਦਿੱਤਾ ਸੀ, ਜਦਕਿ ਦੂਜੇ ਪਾਸੇ ਚੀਨ ਵੱਲੋਂ ਭਾਰਤ ਨੂੰ ਲਗਾਤਾਰ ਜੰਗ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਪਰ ਅੰਤ 'ਚ ਭਾਰਤ ਚੀਨ ਨੂੰ ਆਪਣਾ ਪੱਖ ਸਮਝਾਉਣ 'ਚ ਸਫ਼ਲ ਰਿਹਾ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ 21 ਅਗਸਤ ਨੂੰ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚਕਾਰ ਡੋਕਲਾਮ ਸਰਹੱਦੀ ਵਿਵਾਦ ਨੂੰ ਬਹੁਤ ਛੇਤੀ ਸੁਲਝਾ ਲਿਆ ਜਾਵੇਗਾ। ਉਨ੍ਹਾ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧ ਕਾਇਮ ਕਰਨਾ ਚਾਹੁੰਦਾ ਹੈ। ਉਨ੍ਹਾ ਆਸ ਪ੍ਰਗਟਾਈ ਸੀ ਕਿ ਚੀਨ ਵੱਲੋਂ ਵਿਵਾਦ ਦੇ ਹੱਲ ਲਈ ਹਾਂ ਪੱਖੀ ਰੁਖ ਅਖਤਿਆਰ ਕੀਤਾ ਜਾਵੇਗਾ।
ਡੋਕਲਾਮ ਵਿਖੇ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ, ਜਦੋਂ ਭਾਰਤੀ ਫ਼ੌਜ ਨੇ ਚੀਨ ਨੂੰ ਡੋਕਲਾਮ ਵਿਖੇ ਸੜਕ ਬਣਾਉਣ ਦੇ ਕੰਮ ਤੋਂ ਰੋਕ ਦਿੱਤਾ ਸੀ।

615 Views

e-Paper