ਵਿਵਾਦਾਂ ਨਾਲ ਪੁਰਾਣਾ ਸੰਬੰਧ ਹੈ ਡੇਰਾ ਮੁਖੀ ਦਾ


ਨਵੀਂ ਦਿੱਲੀ/ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਜਿਸ ਮਾਮਲੇ 'ਚ ਸਜ਼ਾ ਸੁਣਾਈ ਗਈ ਹੈ, ਉਸ ਦਾ 2002 'ਚ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਜਾਂਚ ਦਾ ਹੁਕਮ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਹਮੇਸ਼ਾ ਵਿਵਾਦਾਂ 'ਚ ਰਿਹਾ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਸਾਧਵੀ ਵੱਲੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਨੂੰ ਛਾਪਣ ਵਾਲੇ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਕਤਲ ਕਰ ਦਿੱਤਾ ਸੀ।
24 ਅਕਤੂਬਰ 2002 ਨੂੰ ਛਤਰਪਤੀ ਨੂੰ ਘਰ ਸੱਦ ਕੇ 5 ਗੋਲੀਆਂ ਮਾਰੀਆਂ ਗਈਆਂ ਸਨ। ਛਤਰਪਤੀ ਨੇ ਡੇਰਾ ਸੱਚਾ ਸੌਦਾ ਦੇ ਮੈਨੇਜਰ ਰਣਜੀਤ ਦੇ ਕਤਲ ਦੀ ਖ਼ਬਰ ਵੀ ਆਪਣੇ ਅਖ਼ਬਾਰ 'ਚ ਛਾਪੀ ਸੀ। ਰਣਜੀਤ ਦੀ ਮੌਤ 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ 'ਚ ਹੋਈ ਸੀ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਅਤੇ ਉਸ ਦੇ ਮੁਖੀ 'ਤੇ ਤਕਰੀਬਨ 400 ਸਾਧੂਆਂ ਨੂੰ ਨਾਮਰਦ ਬਣਾਉਣ ਦਾ ਵੀ ਦੋਸ਼ ਹੈ। ਇਸ ਮਾਮਲੇ ਦੀ ਵੀ ਸੀ ਬੀ ਆਈ ਜਾਂਚ ਚੱਲ ਰਹੀ ਹੈ। ਦੋਸ਼ ਹੈ ਕਿ ਸਾਧੂਆਂ ਨੂੰ ਪਰਮਾਤਮਾ ਨਾਲ ਮਿਲਾਉਣ ਦੇ ਨਾਂਅ 'ਤੇ ਉਨ੍ਹਾ ਨੂੰ ਨਾਮਰਦ ਬਣਾ ਦਿੱਤਾ ਗਿਆ। ਸੀ ਬੀ ਆਈ ਨੇ ਇਸ ਮਾਮਲੇ 'ਚ ਵੀ 7 ਤੋਂ ਵੱਧ ਸੀਲ ਬੰਦ ਰਿਪੋਰਟਾਂ ਹਾਈ ਕੋਰਟ 'ਚ ਪੇਸ਼ ਕੀਤੀਆਂ ਹਨ। ਇਸ ਮਾਮਲੇ 'ਚ ਹੰਸ ਰਾਜ ਚੌਹਾਨ ਦੀ ਪਟੀਸ਼ਨ 'ਤੇ ਕੇਸ ਦਰਜ ਕੀਤਾ ਗਿਆ ਸੀ।
ਸੀ ਬੀ ਆਈ ਡੇਰਾ ਮੁਖੀ ਵਿਰੁੱਧ ਇੱਕ ਹੋਰ ਮਾਮਲੇ 'ਚ ਜਾਂਚ ਕਰ ਰਹੀ ਹੈ, ਜਿਹੜਾ ਡੇਰੇ ਦੇ ਸਾਬਕਾ ਮੈਨੇਜਰ ਫ਼ਕੀਰ ਚੰਦ ਦੇ ਗਾਇਬ ਹੋ ਜਾਣ ਬਾਰੇ ਹੈ। ਉਹ 1919 'ਚ ਅਚਾਨਕ ਗਾਇਬ ਹੋ ਗਏ ਸਨ। ਇਸ ਮਾਮਲੇ 'ਚ ਹਾਈ ਕੋਰਟ 'ਚ ਦਾਇਰ ਇੱਕ ਪਟੀਸ਼ਨ ਰਾਹੀਂ ਦੋਸ਼ ਲਾਇਆ ਗਿਆ ਕਿ ਫਕੀਰ ਚੰਦ ਨੂੰ ਡੇਰਾ ਮੁਖੀ ਨੇ ਹੀ 'ਗਾਇਬ' ਕਰਵਾਇਆ ਸੀ।
ਡੇਰਾ ਮੁਖੀ 'ਤੇ ਪੰਜਾਬ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਵੀ ਦੋਸ਼ ਹੈ। ਪੰਜਾਬ ਪੁਲਸ ਨੇ ਬਠਿੰਡਾ 'ਚ ਇਸ ਸੰਬੰਧ 'ਚ ਕੇਸ ਦਰਜ ਕੀਤਾ ਸੀ। ਖਾਲਸਾ ਦੀਵਾਨ ਅਤੇ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ 'ਤੇ ਇਹ ਕੇਸ ਦਰਜ ਕੀਤਾ ਗਿਆ ਸੀ।