ਪੰਜਾਬ ਤੇ ਹਰਿਆਣਾ 'ਚ ਇੰਟਰਨੈੱਟ ਸੇਵਾਵਾਂ ਬਹਾਲ, ਲੀਹ 'ਤੇ ਆਈ ਜ਼ਿੰਦਗੀ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਿਰੁੱਧ ਆਏ ਸੀ.ਬੀ.ਆਈ. ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਬੰਦ ਕੀਤੀਆਂ ਇੰਟਰਨੈੱਟ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ। ਡੇਰਾ ਮੁਖੀ ਦੀ ਸੁਣਵਾਈ ਸਮੇਂ ਅਫਵਾਹਾਂ ਫੈਲਣ ਦਾ ਖ਼ਦਸ਼ਾ ਸੀ, ਇਸ ਲਈ ਪ੍ਰਸ਼ਾਸਨ ਨੇ ਇੰਟਰਨੈੱਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ।
ਇਹ ਰੋਕ ਸਿਰਫ ਮੋਬਾਈਲ ਡੇਟਾ ਯਾਨੀ ਕਿ ਮੋਬਾਈਲ ਫ਼ੋਨ ਰਾਹੀਂ ਇੰਟਰਨੈੱਟ ਵਰਤਣ 'ਤੇ ਹੀ ਲਗਾਈ ਗਈ ਸੀ। ਬਾਕੀ ਤਾਰ ਵਾਲਾ ਇੰਟਰਨੈੱਟ ਜਾਂ ਬ੍ਰਾਡਬੈਂਡ ਆਮ ਵਾਂਗ ਹੀ ਜਾਰੀ ਸਨ।
ਪਹਿਲਾਂ ਇਹ ਰੋਕ ਡੇਰਾ ਮੁਖੀ ਦੀ ਪੇਸ਼ੀ ਵਾਲੇ ਦਿਨ ਤੇ ਅਗਲੇ ਦਿਨ ਯਾਨੀ 25 ਤੇ 26 ਅਗਸਤ ਤੱਕ ਹੀ ਲਗਾਈ ਗਈ ਸੀ, ਪਰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਸੇਵਾਵਾਂ 'ਤੇ ਲੱਗੀ ਰੋਕ ਅੱਜ ਮੰਗਲਵਾਰ ਤੱਕ ਵਧਾ ਦਿੱਤੀ ਸੀ।ਪਰ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੋਬਾਈਲ ਇੰਟਰਨੈੱਟ ਐਤਵਾਰ ਦੇਰ ਰਾਤ ਤੋਂ ਹੀ ਚਾਲੂ ਕਰ ਦਿੱਤਾ ਗਿਆ ਸੀ।
ਦੱਸਣਾ ਬਣਦਾ ਹੈ ਕਿ ਡੇਰਾ ਮੁਖੀ ਨੂੰ ਅਦਾਲਤ ਵੱਲੋਂ ਬਲਾਤਕਾਰੀ ਐਲਾਨ ਦਿੱਤੇ ਜਾਣ ਤੋਂ ਬਾਅਦ ਹਰਿਆਣਾ ਤੇ ਪੰਜਾਬ ਦਾ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਸੀ। ਪ੍ਰਸ਼ਾਸਨ ਇਸ ਸਮੇਂ ਕਿਸੇ ਕਿਸਮ ਦੀ ਅਫਵਾਹ ਫੈਲਣ ਤੋਂ ਰੋਕਣਾ ਚਾਹੁੰਦਾ ਸੀ ਤਾਂਕਿ ਡੇਰਾ ਸਮੱਰਥਕ ਭੜਕ ਨਾ ਜਾਣ।ਅੱਜ ਇੰਟਰਨੈੱਟ ਸ਼ੁਰੂ ਹੁੰਦਿਆਂ ਹੀ ਬਲਾਤਕਾਰ ਦੇ ਵੱਖੋ-ਵੱਖੋ ਮਾਮਲਿਆਂ ਵਿੱਚ ਸਜ਼ਾਯਾਫਤਾ ਰਾਮ ਰਹੀਮ ਤੇ ਆਸਾਰਾਮ ਬਾਰੇ ਫ਼ੋਟੋਆਂ ਤੇ ਵੀਡੀਓਜ਼ ਨਾਲ ਟ੍ਰੋਲਿੰਗ ਸ਼ੁਰੂ ਹੋ ਗਈ ਹੈ।
ਡੇਰਾ ਮੁਖੀ ਨੂੰ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਵਿੱਚ ਮਾਹੌਲ ਸ਼ਾਂਤੀਪੂਰਨ ਰਿਹਾ। ਸਿਰਸਾ ਵਿੱਚ ਸੱਤ ਤੋਂ ਲੈ ਕੇ 12 ਵਜੇ ਤੱਕ ਕਰਫ਼ਿਊ ਵਿੱਚ ਢਿੱਲ ਦਿੱਤੀ ਗਈ। ਇਸ ਮਗਰੋਂ ਜ਼ਿਲ੍ਹੇ ਵਿੱਚ ਕੋਈ ਹਿੰਸਕ ਘਟਨਾ ਦੀ ਜਾਣਕਾਰੀ ਨਹੀਂ ਮਿਲੀ।
ਹਰਿਆਣਾ ਦੇ ਦੂਜੇ ਸ਼ਹਿਰਾਂ ਪੰਚਕੂਲਾ ਤੇ ਕੈਥਲ ਵਿੱਚ ਵੀ ਕਰਫ਼ਿਊ ਹਟਾ ਦਿੱਤਾ ਗਿਆ ਸੀ। ਸਿਰਸਾ ਵਿੱਚ ਡੇਰਾ ਸਮਰਥਕਾਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਡੇਰੇ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ ਜਾ ਰਹੀ ਹੈ। ਪੰਜਾਬ ਦੇ ਸੰਵੇਦਨਸ਼ੀਲ ਜ਼ਿਲ੍ਹੇ ਮੋਗਾ, ਪਟਿਆਲਾ ਤੇ ਬਠਿੰਡਾ ਵਿੱਚ ਜ਼ਿੰਦਗੀ ਪਟੜੀ 'ਤੇ ਆ ਗਈ ਹੈ। ਹਾਲਾਂਕਿ ਪੰਚਕੂਲਾ ਦੀ ਅਗਜਨੀ ਦੀ ਘਟਨਾ ਤੋਂ ਬਾਅਦ ਦੋਹੇ ਰਾਜਾਂ ਹਾਈ ਅਲਰਟ ਉੱਤੇ ਸਨ।
ਹਰਿਆਣਾ ਦੇ ਮੁੱਖ ਮੰਤਰੀ ਨੇ ਡੇਰਾ ਸਮੱਰਥਕਾਂ ਨੂੰ ਖਾਸ ਕਰਕੇ ਅਪੀਲ ਕੀਤੀ ਹੈ ਕਿ ਉਹ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਨ ਤੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਮਦਦ ਕਰਨ। ਖੱਟਰ ਨੇ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥੀਂ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕੱਲ੍ਹ ਉੱਚ ਪੱਧਰੀ ਮੀਟਿੰਗ ਵਿੱਚ ਸਮੀਖਿਆ ਕੀਤੀ ਸੀ।
ਪੰਜਾਬ ਦੇ ਮੁੱਖ ਮੰਤਰੀ ਨੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਸੂਬੇ ਦੀ ਹਾਲਤ ਸੰਬੰਧੀ ਰਾਜਪਾਲ ਵੀ ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਪੰਜਾਬ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ 10 ਜ਼ਿਲ੍ਹਿਆਂ ਵਿੱਚੋਂ 5 ਵਿੱਚ ਕਰਫ਼ਿਊ ਹਟਾ ਦਿੱਤਾ ਹੈ। ਸਰਕਾਰ ਸਥਿਤੀ ਦੀ ਸਮੀਖਿਆ ਕਰੇਗੀ।ਅੱਜ ਪੰਜਾਬ ਤੇ ਹਰਿਆਣਾ ਵਿੱਚ ਮੋਬਾਈਲ ਇੰਟਰਨੈੱਟ ਤੋਂ ਪਾਬੰਦੀ ਹਟਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕੱਲ੍ਹ ਹੀ ਪ੍ਰਸ਼ਾਸਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਕੂਲ ਤੇ ਕਾਲਜਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ, ਜਿਹੜੇ ਕਿ ਡੇਰਾ ਮਾਮਲੇ ਕਾਰਨ ਬੰਦ ਕਰ ਦਿੱਤੇ ਗਏ ਸਨ।
ਸਿਰਸਾ 'ਚ ਸਕੂਲ ਖੁੱਲ੍ਹੇ, ਬੱਸ ਸੇਵਾ ਸ਼ੁਰੂ
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਵਿਰੁੱਧ ਅਦਾਲਤ ਦੇ ਫ਼ੈਸਲੇ ਮਗਰੋਂ ਸਿਰਸਾ 'ਚ ਜ਼ਿੰਦਗੀ ਮੁੜ ਲੀਹ 'ਤੇ ਆ ਰਹੀ ਹੈ ਅਤੇ ਅੱਜ ਸ਼ਹਿਰ 'ਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰਫਿਊ 'ਚ ਢਿੱਲ ਦਿੱਤੀ ਗਈ।
ਸਾਧਵੀ ਨਾਲ ਬਲਾਤਕਾਰ ਮਾਮਲੇ 'ਚ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਹਨ ਅਤੇ ਅੱਜ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ ਦੇ ਸ਼ਾਹੀ ਬਸੇਰਾ 'ਚ ਰਹਿ ਰਹੀਆਂ 18 ਲੜਕੀਆਂ ਨੂੰ ਵੀ ਡੇਰੇ 'ਚੋਂ ਕੱਢ ਲਿਆ। ਇਹਨਾਂ ਅਨਾਥ ਬੱਚੀਆਂ ਦਾ ਪਾਲਣ ਪੋਸ਼ਣ ਡੇਰੇ 'ਚ ਹੀ ਕੀਤਾ ਜਾ ਰਿਹਾ ਸੀ।
ਇਸ ਦੇ ਬਾਵਜੂਦ ਸਿਰਸਾ ਸ਼ਹਿਰ ਅਤੇ ਡੇਰੇ ਦੇ ਆਲੇ-ਦੁਆਲੇ ਸੁਰੱਖਿਆ ਦਸਤੇ ਤਾਇਨਾਤ ਹਨ ਅਤੇ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਸਿਰਸਾ 'ਚ ਸਕੂਲ ਖੁੱਲ੍ਹ ਗਏ ਹਨ ਅਤੇ ਬੱਸ ਸੇਵਾ ਵੀ ਬਹਾਲ ਹੋ ਗਈ ਹੈ। ਸਿਰਸਾ ਦੇ ਨਾਲ-ਨਾਲ ਝੱਜਰ ਅਤੇ ਫਤਿਆਬਾਦ 'ਚ ਵੀ ਬੱਸ ਸੇਵਾ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਬਾਰੇ ਵਿਸ਼ੇਸ਼ ਸੀ ਬੀ ਆਈ ਅਦਾਲਤ ਦਾ ਫ਼ੈਸਲਾ ਆਉਣ ਮਗਰੋਂ ਸ਼ਹਿਰ 'ਚ ਭਾਰੀ ਫੋਰਸ ਤਾਇਨਾਤ ਹੈ ਅਤੇ ਸੋਮਵਾਰ ਨੂੰ ਸਜ਼ਾ ਦੇ ਐਲਾਨ ਮਗਰੋਂ ਕਰਫ਼ਿਊ ਲਾ ਦਿੱਤਾ ਗਿਆ ਸੀ।