ਡੇਰਾ ਮੁਖੀ ਦੇ ਮੂੰਹ ਬੋਲੀ ਧੀ ਨਾਲ ਨਜਾਇਜ਼ ਸੰਬੰਧ


ਕੁਰੂਕਸ਼ੇਤਰ (ਨਵਾਂ ਜ਼ਮਾਨਾ ਸਰਵਿਸ)-ਜੇਲ੍ਹ ਜਾਣ ਮਗਰੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਰੰਗੀਨ ਜ਼ਿੰਦਗੀ ਬਾਰੇ ਕਈ ਪਹਿਲੂ ਸਾਹਮਣੇ ਆ ਰਹੇ ਹਨ। ਹਨੀਪ੍ਰੀਤ, ਜਿਸ ਨੂੰ ਡੇਰਾ ਮੁਖੀ ਆਪਣੀ ਮੂੰਹ ਬੋਲੀ ਬੇਟੀ ਆਖਦੇ ਹਨ, ਦੇ ਪਤੀ ਨੇ ਹੀ ਦੋਹਾਂ 'ਚ ਨਜਾਇਜ਼ ਸੰਬੰਧਾਂ ਦੇ ਦੋਸ਼ ਲਾਏ ਹਨ। ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਦੋਸ਼ ਲਾਇਆ ਕਿ ਡੇਰਾ ਮੁਖੀ ਨੇ ਆਪਣੀ ਮੂੰਹ ਬੋਲੀ ਧੀ ਨਾਲ ਹੀ ਨਜਾਇਜ਼ ਸੰਬੰਧ ਸਨ। ਉਨ੍ਹਾ ਕਿਹਾ ਕਿ ਰਾਮ ਰਹੀਮ ਦੇ ਉਨ੍ਹਾ ਦੀ ਪਤਨੀ ਨਾਲ ਪਹਿਲਾਂ ਤੋਂ ਹੀ ਸੰਬੰਧ ਸਨ, ਪਰ ਉਹ ਸਾਰਿਆਂ ਸਾਹਮਣੇ ਉਸ ਨੂੰ ਮੂੰਹ ਬੋਲੀ ਧੀ ਆਖਦੇ ਸਨ ਤਾਂ ਜੋ ਆਪਣੇ ਪਾਪ ਨੂੰ ਲੁਕਾ ਸਕਣ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਉਨ੍ਹਾ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇੰਸਾ ਹੀ ਡੇਰਾ ਸੱਚਾ ਸੌਦਾ ਦੀ ਵਿਰਾਸਤ ਸੰਭਾਲੇਗੀ। ਹਨੀਪ੍ਰੀਤ ਅਤੇ ਡੇਰਾ ਮੁਖੀ ਦੀਆਂ ਨਜ਼ਦੀਕੀਆਂ ਦੀ ਚਰਚਾ ਸ਼ੁਰੂ ਹੋਣ ਦੇ ਨਾਲ ਹੀ ਵਿਸ਼ਵਾਸ ਗੁਪਤਾ ਦਾ ਇੱਕ ਪੁਰਾਣਾ ਬਿਆਨ ਵੀ ਸੁਰਖੀਆਂ 'ਚ ਆ ਗਿਆ ਹੈ। ਬਿਆਨ 'ਚ ਉਨ੍ਹਾ ਕਿਹਾ ਸੀ ਕਿ ਮਈ 2011 ਨੂੰ ਇੱਕ ਰਾਤ ਜਦੋਂ ਡੇਰੇ 'ਚ ਮੈਂ ਬਾਬੇ ਦੀ ਗੁਫ਼ਾ ਵੱਲ ਗਿਆ ਤਾਂ ਜੋ ਕੁਝ ਦੇਖਿਆ, ਉਸ ਨੇ ਮੇਰੀ ਜ਼ਿੰਦਗੀ ਹੀ ਪੂਰੀ ਤਰ੍ਹਾਂ ਬਦਲ ਦਿੱਤੀ। ਉਨ੍ਹਾ ਕਿਹਾ ਕਿ ਗਲਤੀ ਨਾਲ ਕਮਰੇ ਦਾ ਦਰਵਾਜ਼ਾ ਖੁਲ੍ਹਾ ਰਹਿ ਗਿਆ ਸੀ ਅਤੇ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤਾਂ ਡੇਰਾ ਮੁਖੀ ਮੇਰੀ ਪਤਨੀ ਅਤੇ ਆਪਣੀ ਮੂੰਹ ਬੋਲੀ ਧੀ ਨਾਲ ਇਤਰਾਜ਼ ਯੋਗ ਹਾਲਤ 'ਚ ਸਨ।
ਫਤਿਆਬਾਦ ਦੀ ਰਹਿਣ ਵਾਲੀ ਪ੍ਰਿਅੰਕਾ ਤਨੇਜਾ ਉਰਫ਼ ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦਾ ਵਿਆਹ 14 ਫ਼ਰਵਰੀ 1999 ਨੂੰ ਡੇਰਾ ਮੁਖੀ ਨੇ ਹੀ ਕਰਵਾਇਆ ਸੀ, ਪਰ ਦੋਹਾਂ ਦਾ ਵਿਆਹ ਜ਼ਿਆਦਾ ਦਿਨ ਨਾ ਚੱਲ ਸਕਿਆ ਅਤੇ ਉਹ ਵੱਖ-ਵੱਖ ਰਹਿਣ ਲੱਗ ਪਏ।
ਵਿਸ਼ਵਾਸ ਗੁਪਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਮੁਕੱਦਮਾ ਦਰਜ ਕਰਵਾ ਕੇ ਆਪਣੀ ਪਤਨੀ ਡੇਰਾ ਮੁਖੀ ਦੇ ਕਬਜ਼ੇ 'ਚੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ਮਗਰੋਂ ਅਦਾਲਤ ਨੇ ਸੂਬੇ ਦੇ ਪੁਲਸ ਮੁਖੀ ਨੂੰ ਇਸ ਮਾਮਲੇ 'ਚ ਕਾਰਵਾਈ ਦਾ ਹੁਕਮ ਦਿੱਤਾ ਸੀ, ਪਰ ਦੋਹਾਂ ਨੇ ਤਲਾਕ ਲੈ ਲਿਆ। ਜ਼ਿਕਰਯੋਗ ਹੈ ਕਿ ਗੁਪਤਾ ਦਾ ਪਰਵਾਰ ਕਰਨਾਲ ਜ਼ਿਲ੍ਹੇ 'ਚ ਘਰੋਂਡਾ ਦਾ ਰਹਿਣ ਵਾਲਾ ਹੈ ਅਤੇ ਇਸ ਪਰਵਾਰ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਜਦੋਂ ਗੁਪਤਾ ਦੇ ਦਾਦਾ ਵਿਧਾਇਕ ਸਨ, ਉਦੋਂ ਇਹ ਪਰਵਾਰ ਡੇਰੇ ਨਾਲ ਜੁੜਿਆ ਸੀ।