ਨਿਤੀਸ਼ ਕਟਾਰਾ ਕਤਲ ਕੇਸ; ਸੁਪਰੀਮ ਕੋਰਟ ਨੇ ਬਹਾਲ ਰੱਖੀ ਵਿਕਾਸ ਯਾਦਵ ਦੀ ਸਜ਼ਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
2002 ਦੇ ਨਿਤੀਸ਼ ਕਟਾਰਾ ਕਤਲ ਕੇਸ 'ਚ ਦੋਸ਼ੀ ਵਿਕਾਸ ਯਾਦਵ ਦੀ 25 ਸਾਲ ਦੀ ਸਜ਼ਾ ਬਰਕਰਾਰ ਰਹੇਗੀ। ਸੁਪਰੀਮ ਕੋਰਟ ਨੇ ਅੱਜ ਵਿਕਾਸ ਯਾਦਵ ਦੀ ਪੁਨਰ ਵਿਚਾਰ ਪਟੀਸ਼ਨ ਖਾਰਜ ਕਰ ਦਿੱਤੀ। ਵਿਕਾਸ ਯਾਦਵ ਨੇ ਸੁਪਰੀਮ ਕੋਰਟ ਨੂੰ 2016 ਦੇ ਆਪਣੇ ਹੁਕਮ 'ਤੇ ਮੁੜ ਵਿਚਾਰ ਦੀ ਅਪੀਲ ਕੀਤੀ ਸੀ।
ਕਤਲ ਕੇਸ 'ਚ 3 ਅਕਤੂਬਰ 2016 ਨੂੰ ਫ਼ੈਸਲਾ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦੋਸ਼ੀ ਵਿਕਾਸ ਯਾਦਵ ਦੀਆਂ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਇਸ ਫ਼ੈਸਲੇ ਨਾਲ ਵਿਕਾਸ ਨੂੰ 30 ਦੀ ਥਾਂ 25 ਸਾਲ ਜੇਲ੍ਹ 'ਚ ਰਹਿਣਾ ਪਵੇਗਾ, ਇਸੇ ਤਰ੍ਹਾਂ ਦੂਜੇ ਦੋਸ਼ੀ ਸੁਖਦੇਵ ਪਹਿਲਵਾਨ ਦੀ ਸਜ਼ਾ ਵੀ 20 ਸਾਲ ਰਹਿ ਗਈ। ਅਦਾਲਤ ਨੇ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 201 ਤਹਿਤ ਹਾਈ ਕੋਰਟ ਨੇ ਜਿਹੜੀ 5 ਸਾਲ ਦੀ ਵੱਖਰੀ ਸਜ਼ਾ ਦਿੱਤੀ ਸੀ, ਉਹ ਵੀ ਨਾਲ ਚਲੇਗੀ। ਤੀਜੇ ਦੋਸ਼ੀ ਵਿਸ਼ਾਲ ਯਾਦਵ ਨੇ ਅਪੀਲ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ ਵਿਕਾਸ ਅਤੇ ਸੁਖਦੇਵ ਨੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਨੇ 2 ਅਪ੍ਰੈਲ 2014 ਨੂੰ ਤਿੰਨੇ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਕਿਹਾ ਸੀ ਕਿ ਵਿਕਾਸ ਤੇ ਵਿਸ਼ਾਲ ਦੀ 30 ਸਾਲ ਤੋਂ ਪਹਿਲਾਂ ਅਤੇ ਸੁਖਦੇਵ ਦੀ 25 ਸਾਲ ਤੋਂ ਪਹਿਲਾਂ ਰਿਹਾਈ 'ਤੇ ਵਿਚਾਰ ਨਾ ਕੀਤਾ ਜਾਵੇ। ਮਾਮਲੇ 'ਚ ਵਿਕਾਸ ਅਤੇ ਸੁਖਦੇਵ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ ਅਤੇ ਮ੍ਰਿਤਕ ਨਿਤੀਸ਼ ਦੀ ਮਾਂ ਨੀਲਮ ਕਟਾਰਾ ਅਤੇ ਇਸਤਗਾਸਾ ਵੱਲੋਂ ਅਰਜ਼ੀ ਦਾਇਰ ਕਰਕੇ ਉਨ੍ਹਾ ਦੀ ਸਜ਼ਾ ਨੂੰ ਵਧਾ ਕੇ ਫ਼ਾਂਸੀ 'ਚ ਬਦਲਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਉਨ੍ਹਾ ਦੀ ਮੰਗ ਠੁਕਰਾ ਦਿੱਤੀ ਅਤੇ ਵਿਕਾਸ ਤੇ ਹੋਰਨਾਂ ਨੂੰ ਵੀ ਦੋਸ਼ੀ ਕਰਾਰ ਦੇ ਦਿੱਤਾ। ਇਸਤਗਾਸਾ ਅਨੁਸਾਰ ਨਿਤੀਸ਼ ਕਟਾਰਾ 17 ਫ਼ਰਵਰੀ 2002 ਨੂੰ ਗਾਜ਼ੀਆਬਾਦ ਦੇ ਡਾਇਮੰਡ ਹਾਲ 'ਚ ਆਪਣੇ ਦੋਸਤ ਦੀ ਸ਼ਾਦੀ 'ਚ ਸ਼ਾਮਲ ਹੋਣ ਗਿਆ ਸੀ ਕਿ ਉਸ ਨੂੰ ਵਿਕਾਸ ਤੇ ਵਿਸ਼ਾਲ ਨੇ ਅਗਵਾ ਕਰ ਲਿਆ ਅਤੇ ਸੁਖਦੇਵ ਪਹਿਲਵਾਨ ਨਾਲ ਮਿਲ ਕੇ ਕਤਲ ਕਰ ਦਿੱਤਾ। ਪੁਲਸ ਅਨੁਸਾਰ ਨਿਤੀਸ਼ ਦੀ ਵਿਕਾਸ ਦੀ ਭੈਣ ਨਾਲ ਦੋਸਤੀ ਸੀ ਅਤੇ ਇਹ ਦੋਸਤੀ ਵਿਕਾਸ ਤੇ ਵਿਸ਼ਾਲ ਨੂੰ ਪਸੰਦ ਨਹੀਂ ਸੀ।