ਭਾਰਤ ਭਵਿੱਖ 'ਚ ਡੋਕਲਾਮ ਵਰਗੇ ਵਿਵਾਦ ਤੋਂ ਬਚ ਕੇ ਰਹੇ : ਚੀਨ


ਬੀਜਿੰਗ, (ਨਵਾਂ ਜ਼ਮਾਨਾ ਸਰਵਿਸ)
ਭਾਰਤ ਅਤੇ ਚੀਨ ਵਿਚਕਾਰ ਡੋਕਲਾਮ ਵਿਵਾਦ ਖ਼ਤਮ ਹੋ ਜਾਣ ਮਗਰੋਂ ਹੁਣ ਚੀਨ ਨੇ ਭਾਰਤ ਨੂੰ ਇਸ ਵਿਵਾਦ ਤੋਂ ਸਬਕ ਲੈਣ ਦੀ ਸਲਾਹ ਦਿੱਤੀ ਹੈ ਤਾਂ ਜੋ ਭਵਿੱਖ 'ਚ ਡੋਕਲਾਮ ਵਰਗੇ ਵਿਵਾਦ ਤੋਂ ਬਚਿਆ ਜਾ ਸਕੇ। ਇਹ ਸਲਾਹ ਦਿੰਦਿਆਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਨੇ ਕਿਹਾ ਕਿ ਦੋ ਵੱਡੇ ਦੇਸ਼ਾਂ 'ਚ ਮਤਭੇਦ ਹੋਣਾ ਆਮ ਗੱਲ ਹੈ, ਪਰ ਉਨ੍ਹਾ ਨੂੰ ਪਾਸੇ ਰੱਖਣ ਅਤੇ ਹੱਲ ਕੱਢਣ ਲਈ ਕੰਮ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਵਾਂਗ ਦਾ ਇਹ ਬਿਆਨ ਡੋਕਲਾਮ ਵਿਵਾਦ ਦੇ ਹੱਲ ਤੋਂ ਦੋ ਦਿਨ ਮਗਰੋਂ ਆਇਆ ਹੈ। ਦੋਹਾਂ ਦੇਸ਼ਾਂ ਵੱਲੋਂ ਵਿਵਾਦਗ੍ਰਸਤ ਖੇਤਰ 'ਚੋਂ ਫ਼ੌਜ ਹਟਾ ਲੈਣ ਨਾਲ ਇਹ ਡੈਡਲਾਕ ਖ਼ਤਮ ਹੋਇਆ।
ਡੋਕਲਾਮ ਵਿਵਾਦ ਦੇ ਹੱਲ ਤੋਂ ਅਗਲੇ ਹੀ ਦਿਨ ਭਾਰਤ ਨੇ ਐਲਾਨ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਚੀਨ ਜਾਣਗੇ। ਇਸ ਤੋਂ ਪਹਿਲਾਂ ਮੋਦੀ ਦੇ ਚੀਨ ਜਾਣ 'ਤੇ ਸ਼ੰਕਾ ਸੀ। 3 ਤੋਂ 5 ਸਤੰਬਰ ਤੱਕ ਹੋਣ ਵਾਲੇ ਬਰਿਕਸ ਸੰਮੇਲਨ ਦੀਆਂ ਤਿਆਰੀਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਗ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਇਸ ਘਟਨਾ ਤੋਂ ਸਬਕ ਲਵੇਗਾ ਅਤੇ ਫੇਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚੇਗਾ। ਉਨ੍ਹਾ ਕਿਹਾ ਕਿ ਸਾਨੂੰ ਆਸ ਹੈ ਕਿ ਦੋਵੇਂ ਧਿਰਾਂ ਯਤਨਾਂ ਰਾਹੀਂ ਵਿਕਾਸ ਦੀ ਸਿਹਤਮੰਦ ਅਤੇ ਸਥਿਰ ਗਤੀ ਨੂੰ ਬਣਾਈ ਰੱਖਣਗੇ, ਕਿਉਂਕਿ ਇਹ ਨਾ ਸਿਰਫ਼ ਭਾਰਤ ਅਤੇ ਚੀਨ ਦੇ ਲੋਕਾਂ ਦੇ ਹਿੱਤ 'ਚ ਹੈ ਸਗੋਂ ਕੌਮਾਂਤਰੀ ਭਾਈਚਾਰਾ ਵੀ ਇਹੋ ਚਾਹੁੰਦਾ ਹੈ।