ਭਲਾਈ ਸਕੀਮਾਂ ਨੂੰ ਅਧਾਰ ਨਾਲ ਜੋੜਨ ਦੀ ਸਮਾਂ ਸੀਮਾ 'ਚ ਵਾਧਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)'ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ 'ਚ ਦੱਸਿਆ ਕਿ ਸਮਾਜ ਭਲਾਈ ਸਕੀਮਾਂ ਨੂੰ ਅਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ 31 ਦਸੰਬਰ ਤੱਕ ਵਧਾ ਦਿੱਤੀ ਹੈ।
ਅਟਾਰਨੀ ਜਨਰਲ ਕੇ ਕੇ ਵੇਣੂ ਗੋਪਾਲ ਨੇ ਚੀਫ ਜਸਟਿਸ ਸ੍ਰੀ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੂੰ ਸਮਾਂ ਸੀਮਾ 'ਚ ਵਾਧੇ ਸੰਬੰਧੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਅਦਾਲਤ 'ਚ ਉਸ ਪਟੀਸ਼ਨ 'ਤੇ ਸੁਣਵਾਈ ਹੋ ਰਹੀ ਸੀ, ਜਿਸ ਰਾਹੀਂ ਅਧਾਰ ਸਕੀਮ ਅਤੇ ਅਧਾਰ ਐਕਟ 2016 ਦੀ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਹੈ।
ਵੇਣੂ ਗੋਪਾਲ ਦੀ ਇਸ ਜਾਣਕਾਰੀ ਮਗਰੋਂ ਬੈਂਚ ਨੇ ਅਧਾਰ ਸੰਬੰਧੀ ਪਟੀਸ਼ਨਾਂ 'ਤੇ ਸੁਣਵਾਈ ਨਵੰਬਰ ਦੇ ਪਹਿਲੇ ਹਫਤੇ 'ਤੇ ਪਾ ਦਿੱਤੀ। ਪਟੀਸ਼ਨਰਾਂ ਦੇ ਵਕੀਲ ਸ਼ਿਆਮ ਦੀਵਾਨ ਨੇ ਆਪਣੀ ਪਟੀਸ਼ਨ 'ਤੇ ਛੇਤੀ ਸੁਣਵਾਈ ਦੀ ਮੰਗ ਕਰਦਿਆਂ ਕਿਹਾ ਕਿ ਭਲਾਈ ਸਕੀਮਾਂ ਨੂੰ ਅਧਾਰ ਨਾਲ ਜੋੜਨ ਦੀ ਸਮਾਂ ਸੀਮਾ 30 ਅਗਸਤ ਨੂੰ ਖਤਮ ਹੋ ਗਈ ਹੈ, ਜਿਸ 'ਤੇ ਵੇਣੂ ਗੋਪਾਲ ਨੇ ਸਰਕਾਰ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ।