ਕਿਤੇ ਇੰਝ ਨਾ ਹੋਵੇ ਕਿ ਲੋਕ ਬੱਚੇ ਵੀ ਸਰਕਾਰ ਭਰੋਸੇ ਛੱਡ ਦੇਣ : ਯੋਗੀ


ਲਖਨਊ, (ਨਵਾਂ ਜ਼ਮਾਨਾ ਸਰਵਿਸ)-ਇੱਕ ਅਟਪਟੇ ਜਿਹੇ ਬਿਆਨ 'ਚ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿਤੇ ਇੰਝ ਨਾ ਹੋਵੇ ਕਿ ਲੋਕ ਆਪਣੇ ਬੱਚੇ ਦੋ ਸਾਲ ਦੇ ਹੁੰਦਿਆਂ ਹੀ ਸਰਕਾਰ ਦੇ ਭਰੋਸੇ ਛੱਡ ਦੇਣ ਅਤੇ ਸਰਕਾਰ ਉਨ੍ਹਾ ਦਾ ਪਾਲਣ ਪੋਸ਼ਣ ਕਰੇ। ਆਮ ਲੋਕਾਂ ਦੀ ਜ਼ਿੰਮੇਵਾਰੀ ਦੀ ਭਾਵਨਾ ਦਾ ਜ਼ਿਕਰ ਕਰਦਿਆਂ ਯੋਗੀ ਨੇ ਕਿਹਾ ਕਿ ਮੀਡੀਆ ਆਖਦਾ ਹੈ ਕਿ ਫਲਾਂ ਥਾਂ ਕੂੜਾ ਪਿਆ ਹੈ ਅਤੇ ਅਸੀਂ ਮੰਨਦੇ ਹਾਂ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ। ਲੱਗਦਾ ਹੈ ਕਿ ਲੋਕ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਏ ਹਨ। ਸਟਾਰਟ ਅੱਪ ਯਾਤਰਾ ਦੌਰਾਨ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ ਕਿ ਅਸੀਂ ਸਿਖਿਆ ਨੂੰ ਸਿਰਫ਼ ਅੱਖਰ ਗਿਆਨ ਤੱਕ ਸੀਮਤ ਕਰ ਦਿੱਤਾ ਅਤੇ ਜੇ ਅਜਿਹਾ ਨਾ ਹੋਵੇ ਤਾਂ ਨੌਕਰੀ ਦਾ ਸੰਕਟ ਨਾ ਰਹੇ। ਅਸੀਂ ਸਿਡਬੀ ਨਾਲ ਮਿਲ ਕੇ 1000 ਕਰੋੜ ਰੁਪਏ ਦਾ ਸਟਾਰਟ ਅੱਪ ਫ਼ੰਡ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਨੌਜੁਆਨਾਂ ਨੂੰ ਮਦਦ ਮਿਲੇਗੀ। ਉਨ੍ਹਾ ਕਿਹਾ ਕਿ ਦੇਸ਼ 'ਚ ਵੱਡੀ ਗਿਣਤੀ 'ਚ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਹੀ ਨਹੀਂ, ਪਰ ਉਹ ਸ਼ਿਕਾਇਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜੁਆਨਾਂ ਨੂੰ ਰੁਜ਼ਗਾਰ ਲਈ ਕੇਂਦਰ ਦੀਆਂ ਸਟਾਰਟ ਅੱਪ ਅਤੇ ਸਟੈਂਡ ਅੱਪ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਅਵਾਰਾ ਪਸ਼ੂਆਂ ਅਤੇ ਗਊ ਵੰਸ਼ ਵੱਲੋਂ ਫ਼ਸਲਾਂ ਦੇ ਨੁਕਸਾਨ ਬਾਰੇ ਬੋਲਦਿਆਂ ਉਨ੍ਹਾ ਕਿਹਾ ਕਿ ਇਹ ਸਮੱਸਿਆ ਲੋਕਾਂ ਵੱਲੋਂ ਦਿੱਤੀ ਗਈ ਹੈ ਅਤੇ ਇਸ ਦਾ ਹੱਲ ਵੀ ਉਨ੍ਹਾਂ ਨੂੰ ਹੀ ਕਰਨਾ ਪਵੇਗਾ।