ਉਪ ਰਾਜਪਾਲ ਤੇ ਦਿੱਲੀ ਸਰਕਾਰ ਮੁੜ ਆਹਮੋ-ਸਾਹਮਣੇ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਉਪ ਰਾਜਪਾਲ ਮੁੜ ਆਹਮੋ-ਸਾਹਮਣੇ ਹਨ। ਮੁਹੱਲਾ ਕਲੀਨਿਕ ਦੀ ਫਾਈਲ ਨੂੰ ਲੈ ਕੇ ਸੌਰਭ ਭਾਰਦਵਾਜ ਦੀ ਅਗਵਾਈ ਹੇਠ ਆਪ ਦੇ 45 ਵਿਧਾਇਕ ਬੁੱਧਵਾਰ ਐਲ ਜੀ ਰਿਹਾਇਸ਼ 'ਤੇ ਗਏ ਅਤੇ ਫਾਈਲ ਨੂੰ ਪ੍ਰਵਾਨਗੀ ਦੀ ਮੰਗ ਨੂੰ ਲੈ ਕੇ 7 ਘੰਟੇ ਉਥੇ ਡਟੇ ਰਹੇ। ਉਪ ਰਾਜਪਾਲ ਨੇ ਪੁਲਸ ਸੱਦ ਲਈ ਅਤੇ ਜਿਸ ਥਾਂ ਆਪ ਆਗੂ ਬੈਠੇ ਸਨ, ਉਸ ਦੀ ਬਿਜਲੀ ਕੱਟ ਦਿੱਤੀ ਗਈ।
ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੇਜਰੀਵਾਲ ਨੇ ਦੋ ਟਵੀਟ ਕੀਤੇ ਹਨ। ਉਨ੍ਹਾ ਕਿਹਾ ਕਿ ਦਿੱਲੀ ਦੇ ਵਿਧਾਇਕ ਮੁਹੱਲਾ ਕਲੀਨਿਕ ਦੀ ਫਾਈਲ ਪਾਸ ਕਰਵਾਉਣ ਗਏ ਅਤੇ ਐਲ ਜੀ ਸਾਹਿਬ ਨੇ ਪੁਲਸ ਬੁਲਾ ਲਈ। ਸਰ ਉਹ ਵਿਧਾਇਕ ਹਨ ਚੋਰ ਨਹੀਂ। ਲੋਕਤੰਤਰ ਗੱਲਬਾਤ ਨਾਲ ਚਲਦਾ ਹੈ, ਪੁਲਸ ਨਾਲ ਨਹੀਂ।
ਉਧਰ ਐਲ ਜੀ ਦਫ਼ਤਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁਹੱਲਾ ਕਲੀਨਿਕ ਨਾਲ ਸੰਬੰਧਤ ਕੋਈ ਵੀ ਫਾਈਲ ਐਲ ਜੀ ਕੋਲ ਪੈਂਡਿੰਗ ਨਹੀਂ ਹੈ, ਜਦਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਇਹ ਦੋ ਕਰੋੜ ਦਿੱਲੀ ਵਾਸੀਆਂ ਦੀ ਸਿਹਤ ਦਾ ਮਾਮਲਾ ਹੈ, ਇਸ 'ਤੇ ਸਿਆਸਤ ਨਾ ਹੋਵੇ ਅਤੇ ਉਪ ਰਾਜਪਾਲ ਮੁਹੱਲਾ ਕਲੀਨਿਕ ਨਾਲ ਜੁੜੀਆਂ ਫਾਈਲਾਂ ਨੂੰ ਛੇਤੀ ਤੋਂ ਛੇਤੀ ਮਨਜ਼ੂਰੀ ਦੇਣ।
ਮੁੱਖ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਕਿ ਮਨਜ਼ੂਰੀ ਲਈ ਫਾਈਲ ਉਪ ਰਾਜਪਾਲ ਦਫ਼ਤਰ ਭੇਜੀ ਗਈ ਸੀ। ਕੇਜਰੀਵਾਲ ਨੇ ਕਿਹਾ ਕਿ ਫਾਈਲ ਨੂੰ ਮਨਜ਼ੂਰੀ 'ਚ ਦੇਰੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾ ਕਿਹਾ ਕਿ ਉਪ ਰਾਜਪਾਲ ਨੂੰ ਸਾਰੇ ਸੰਬੰਧਤ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਰੁਕਾਵਟ ਦੂਰ ਕਰਨੀ ਚਾਹੀਦੀ ਹੈ।
ਉਪ ਰਾਜਪਾਲ ਦਫ਼ਤਰ ਨੇ ਇੱਕ ਬਿਆਨ 'ਚ ਕਿਹਾ ਕਿ ਸੌਰਭ ਭਾਰਦਵਾਜ ਅਤੇ 4 ਹੋਰ ਵਿਧਾਇਕਾਂ ਨੂੰ ਉਪ ਰਾਜਪਾਲ ਨਾਲ ਮਿਲਣ ਦਾ ਸਮਾਂ ਦਿੱਤਾ ਗਿਆ ਸੀ, ਪਰ ਭਾਰਦਵਾਜ ਦੀ ਅਗਵਾਈ 'ਚ ਤਕਰੀਬਨ 45 ਵਿਧਾਇਕ ਰਾਜ ਨਿਵਾਸ ਸਾਹਮਣੇ ਆ ਗਏ ਅਤੇ ਅਨਿਲ ਬੈਂਜਲ ਨੂੰ ਮਿਲਣ ਦੀ ਮੰਗ ਕਰਨ ਲੱਗ ਪਏ। ਰੁਝੇਵਿਆਂ ਦੇ ਬਾਵਜੂਦ ਉਪ ਰਾਜਪਾਲ ਵਿਧਾਇਕਾਂ ਨੂੰ ਮਿਲਣ ਲਈ ਸਹਿਮਤ ਹੋ ਗਏ।