ਆਦਿੱਤਿਆ ਕਤਲ ਕੇਸ ਰਾਕੀ ਯਾਦਵ ਤੇ 3 ਹੋਰ ਦੋਸ਼ੀ ਕਰਾਰ


ਗਯਾ (ਨਵਾਂ ਜ਼ਮਾਨਾ ਸਰਵਿਸ)
ਬਿਹਾਰ 'ਚ ਗਯਾ ਦੇ ਸੜਕੀ ਤੈਸ਼ ਮਾਮਲੇ 'ਚ ਅਦਾਲਤ ਨੇ ਜਨਤਾ ਦਲ (ਯੂ) ਦੀ ਮੁਅੱਤਲ ਵਿਧਾਨ ਪ੍ਰੀਸ਼ਦ ਮੈਂਬਰ ਮਨੋਰਮਾ ਦੇਵੀ ਦੇ ਪੁੱਤਰ ਰਾਕੀ ਯਾਦਵ, ਰਾਜੇਸ਼ ਕੁਮਾਰ ਅਤੇ ਤੇਜੀ ਯਾਦਵ ਨੂੰ ਦੋਸ਼ੀ ਠਹਿਰਾਇਆ ਹੈ। ਇਸ ਤੋਂ ਇਲਾਵਾ ਰਾਕੀ ਯਾਦਵ ਦੇ ਪਿਤਾ ਬਿੰਦੀ ਯਾਦਵ ਨੂੰ ਵੀ ਦੋਸ਼ੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਗਿਆ ਹੈ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਚਿਦਾਨੰਦ ਪ੍ਰਸਾਦ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ 6 ਸਤੰਬਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਕੀ ਨੇ 12ਵੀਂ ਦੇ ਵਿਦਿਆਰਥੀ ਆਦਿੱਤਿਆ ਸਚਦੇਵਾ ਨੂੰ ਸਿਰਫ਼ ਇਸ ਕਰਕੇ ਕਤਲ ਕਰ ਦਿੱਤਾ ਸੀ ਕਿ ਉਸ ਨੇ ਰਾਕੀ ਦੀ ਕਾਰ ਨੂੰ ਓਵਰ ਟੇਕ ਕੀਤਾ ਸੀ।
ਮਾਮਲਾ ਪਿਛਲੇ ਸਾਲ 7 ਮਈ ਦਾ ਹੈ। ਅਦਿੱਤਿਆ ਸਚਦੇਵਾ ਆਪਣੇ ਦੋਸਤਾਂ ਨਾਲ ਘਰ ਪਰਤ ਰਿਹਾ ਸੀ ਅਤੇ ਉਨ੍ਹਾ ਨੇ ਰਾਕੀ ਦੀ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਦਿੱਤਿਆ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਮਾਮਲੇ 'ਚ ਰਾਕੀ ਦੇ ਪਿਤਾ ਬਿੰਦੀ ਯਾਦਵ ਅਤੇ ਉਨ੍ਹਾ ਦੇ ਬਾਗੀਗਾਰਡ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਆਦਿੱਤਿਆ ਨਾਲ ਗੱਡੀ 'ਚ ਸਵਾਰ ਉਸ ਦੇ ਦੋਸਤ ਆਯੂਸ਼ ਨੇ ਕਿਹਾ ਕਿ ਉਨ੍ਹਾ ਰਾਕੀ ਦੀ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾ ਨੇ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਮੇਰੇ ਦੋਸਤਾਂ ਨੂੰ ਮਾਰਿਆ ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਆਦਿੱਤਿਆ ਦੀ ਮੌਤ ਹੋ ਗਈ।
ਘਟਨਾ ਮਗਰੋਂ ਰਾਕੀ ਫਰਾਰ ਹੋ ਗਿਆ, ਪਰ ਪੁਲਸ ਦੇ ਲਗਾਤਾਰ ਦਬਾਅ ਕਾਰਨ ਉਨ੍ਹਾਂ ਅਦਾਲਤ 'ਚ ਸਰੰਡਰ ਕਰ ਦਿੱਤਾ ਤੇ ਅਦਾਲਤ ਨੇ ਉਸ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ, ਪਰ ਪਟਨਾ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ।
ਹਾਈ ਕੋਰਟ ਦੇ ਫ਼ੈਸਲੇ ਨੂੰ ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ। ਇਸ ਮਗਰੋਂ ਸੁਪਰੀਮ ਕੋਰਟ ਨੇ ਰਾਕੀ ਦੀ ਜ਼ਮਾਨਤ 'ਤੇ ਰੋਕ ਲਾ ਦਿੱਤੀ ਅਤੇ ਉਸ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਪੁਲਸ ਨੇ ਚਾਰਜਸ਼ੀਟ 'ਚ ਰਾਕੀ ਦੇ ਨਾਲ ਉਸ ਦੇ ਚਚੇਰੇ ਭਰਾ ਤੇਜੀ ਯਾਦਵ, ਪਾਪਾ ਬਿੰਦੀ ਯਾਦਵ ਅਤੇ ਮਨੋਰਮਾ ਦੇਵੀ ਦੇ ਬਾਡੀਗਾਰਡ ਰਾਜੇਸ਼ ਕੁਮਾਰ ਨੂੰ ਦੋਸ਼ੀ ਬਣਾਇਆ ਸੀ।