ਬੇਨਜ਼ੀਰ ਭੁੱਟੋ ਕਤਲ ਕੇਸ; ਪ੍ਰਵੇਜ਼ ਮੁਸ਼ੱਰਫ ਭਗੌੜਾ ਕਰਾਰ


ਰਾਵਲਪਿੰਡੀ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ 'ਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਭਗੌੜਾ ਕਰਾਰ ਦਿੱਤਾ ਹੈ। ਇਸ ਕੇਸ 'ਚ ਦੋ ਦੋਸ਼ੀਆਂ ਨੂੰ ਅੱਜ ਸਜ਼ਾ ਸੁਣਾਈ ਗਈ, ਜਦਕਿ 5 ਹੋਰਨਾਂ ਨੂੰ ਬਰੀ ਕਰ ਦਿੱਤਾ ਗਿਆ। ਅਦਾਲਤ ਨੇ 9 ਸਾਲ ਤੱਕ ਸੁਣਵਾਈ ਮਗਰੋਂ ਅੱਜ ਸਜ਼ਾ ਦਾ ਐਲਾਨ ਕੀਤਾ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਅਨੁਸਾਰ ਅੱਤਵਾਦ ਰੋਕੂ ਅਦਾਲਤ ਨੇ ਵੀਰਵਾਰ ਨੂੰ ਫੈਸਲਾ ਸੁਣਾਉਂਦਿਆਂ ਰਿਟਾਇਰਡ ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ ਭਗੌੜਾ ਕਰਾਰ ਦਿੱਤਾ ਹੈ ਅਤੇ ਰਾਵਲਪਿੰਡੀ ਦੇ ਸਾਬਕਾ ਸੀ ਪੀ ਓ ਅਤੇ ਰਾਵਲ ਟਾਊਨ ਦੇ ਸਾਬਕਾ ਐੱਸ ਪੀ ਖੱਰਮ ਸ਼ਹਿਜ਼ਾਦ ਨੂੰ 17 ਸਾਲ ਦੀ ਕੈਦ ਅਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕੱਲ੍ਹ ਮਾਮਲੇ 'ਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਦਿ ਡਾਨ ਦੀ ਰਿਪੋਰਟ ਅਨੁਸਾਰ ਅਦਾਲਤ ਨੇ ਤਹਿਰੀਕ ਏ ਤਾਲਿਬਾਨ ਦੇ 5 ਸ਼ੱਕੀ ਵਿਅਕਤੀਆਂ ਰਫਾਕਤ ਹੁਸੈਨ, ਹੁਸਨੈਨ ਗੁਲ, ਸ਼ੇਰ ਜਮਾਂ, ਐਤਜ਼ਾਜ ਸ਼ਾਹ ਅਤੇ ਅਬਦੁਲਾ ਰਾਸ਼ਿਦ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸਾਲ 2007 'ਚ ਹੋਏ ਬੇਨਜ਼ੀਰ ਦੇ ਕਤਲ ਕੇਸ 'ਚ ਮੁਸ਼ੱਰਫ 'ਤੇ 2013 'ਚ ਦੋਸ਼ ਤੈਅ ਕੀਤੇ ਗਏ ਸਨ ਅਤੇ ਉਸ ਵੇਲੇ ਤੋਂ ਹੀ ਮੁਸ਼ੱਰਫ ਡੁਬਈ 'ਚ ਰਹਿ ਰਹੇ ਹਨ।