ਸਿਰਜਨ ਘੁਟਾਲਾ; ਸੁਸ਼ੀਲ ਮੋਦੀ ਦੀ ਚਚੇਰੀ ਭੈਣ ਰੇਖਾ ਮੋਦੀ ਰਾਹੀਂ ਕੀਤਾ ਗਿਆ ਕਰੋੜਾਂ ਦਾ ਭੁਗਤਾਨ

ਭਾਗਲਪੁਰ (ਨਵਾਂ ਜ਼ਮਾਨਾ ਸਰਵਿਸ)
ਸਿਰਜਨ ਘੁਟਾਲੇ ਦੇ ਇੱਕ ਨਵੇਂ ਖੁਲਾਸੇ 'ਚ ਬਿਹਾਰ ਦੇ ਡਿਪਟੀ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਚਚੇਰੀ ਭੈਣ ਰੇਖਾ ਮੋਦੀ ਦਾ ਨਾਂਅ ਵੀ ਸਾਹਮਣੇ ਆਇਆ ਹੈ, ਹਾਲਾਂਕਿ ਦੋਹਾਂ ਦੇ ਸੰਬੰਧ ਕਦੇ ਵੀ ਸੁਖਾਵੇਂ ਨਹੀਂ ਰਹੇ।
ਸੂਬੇ ਦੇ ਚਰਚਿਤ ਘੁਟਾਲੇ 'ਚ ਹੁਣ ਤੱਕ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸਾਬਕਾ ਐੱਮ ਪੀ ਸ਼ਾਹ ਨਵਾਜ਼ ਹੁਸੈਨ, ਝਾਰਖੰਡ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਵਿਪਿਨ ਸ਼ਰਮਾ ਅਤੇ ਦੀਪਕ ਵਰਮਾ ਦੇ ਨਾਂਅ ਆ ਚੁੱਕੇ ਹਨ ਅਤੇ ਹੁਣ ਇਸ ਸੂਚੀ 'ਚ ਰੇਖਾ ਮੋਦੀ ਦਾ ਨਾਂਅ ਵੀ ਜੁੜ ਗਿਆ ਹੈ। ਇਹਨਾਂ ਆਗੂਆਂ ਦੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਿਰਜਨ ਜਾਂ ਉਹਨਾਂ ਦੇ ਸੰਚਾਲਕਾਂ ਮਨੋਰਮਾ ਦੇਵੀ, ਉਹਨਾਂ ਦੇ ਪੁੱਤਰ ਅਮਿਤ ਕੁਮਾਰ ਅਤੇ ਉਹਨਾ ਦੀ ਪਤਨੀ ਪ੍ਰਿਆ ਨਾਲ ਸੰਬੰਧ ਸਨ। ਏਜੰਸੀਆਂ ਨੂੰ ਸਿਰਜਨ ਦੇ ਖਾਤੇ 'ਚੋਂ ਭੁਗਤਾਨ ਕਰਕੇ ਬਹੁਤ ਵੱਡੀ ਮਾਤਰਾ 'ਚ ਗਹਿਣੇ ਖਾਸ ਤੌਰ 'ਤੇ ਹੀਰੇ ਦੇ ਗਹਿਣਿਆਂ ਦੀ ਖਰੀਦਾਰੀ ਦੇ ਸਬੂਤ ਮਿਲੇ ਹਨ। ਹੀਰੇ ਦੇ ਇਹ ਗਹਿਣੇ ਸਿਆਸਤਦਾਨਾਂ ਅਤੇ ਅਧਿਕਾਰੀਆਂ ਦੇ ਪਰਵਾਰਾਂ ਨੂੰ ਤੋਹਫੇ 'ਚ ਦਿੱਤੇ ਜਾਂਦੇ ਸਨ, ਪਰ ਨਾਲ ਹੀ ਜਾਂਚ 'ਚ ਪਤਾ ਚੱਲਿਆ ਕਿ ਪਟਨਾ ਦੇ ਸੁਨਿਆਰੇ ਨੂੰ ਹੀਰੇ ਦੇ ਗਹਿਣਿਆਂ ਦੀ ਖਰੀਦਦਾਰੀ ਦਾ ਭੁਗਤਾਨ ਸਿਰਜਨ ਵੱਲੋਂ ਕਦੇ ਸਿੱਧੇ ਅਤੇ ਅਕਸਰ ਰੇਖਾ ਮੋਦੀ ਦੀ ਕੰਪਨੀ ਰਾਹੀਂ ਕੀਤਾ ਗਿਆ। ਜਾਲਾਨ ਜੇਮਸ ਦੇ ਮਾਲਕ ਰਵੀ ਜਾਲਾਨ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾ ਨੂੰ ਕਈ ਵਾਰ ਰੇਖਾ ਮੋਦੀ ਵੱਲੋਂ ਹੀ ਭੁਗਤਾਨ ਕੀਤਾ ਗਿਆ।