24 ਸਾਧਵੀਆਂ ਨੇ ਸ਼ੋਸ਼ਣ ਮਗਰੋਂ ਛੱਡ ਦਿੱਤਾ ਸੀ ਸਿਰਸਾ ਡੇਰਾ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ 167 ਸਫ਼ਿਆਂ ਦੇ ਫੈਸਲੇ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ।ਇਸ ਫੈਸਲੇ ਮੁਤਾਬਿਕ ਸੀ ਬੀ ਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਜਿਨਸੀ ਸ਼ੋਸ਼ਣ ਬਾਰੇ ਗੁੰਮਨਾਮ ਚਿੱਠੀ ਆਉਣ ਤੋਂ ਬਾਅਦ 24 ਸਾਧਵੀਆਂ ਨੇ ਡੇਰਾ ਛੱਡ ਦਿੱਤਾ ਸੀ।ਇਸ ਤੋਂ ਬਾਅਦ ਉਨ੍ਹਾਂ ਸਾਧਵੀਆਂ ਨੇ ਵਿਆਹ ਕਰਵਾ ਲਏ।ਫੈਸਲੇ ਵਿੱਚ ਆਏ ਜ਼ਿਕਰ ਅਨੁਸਾਰ ਇਹ ਚੰਗੀਆਂ ਪੜ੍ਹੀਆਂ-ਲਿਖੀਆਂ ਸਾਧਵੀਆਂ ਡੇਰੇ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਪੜ੍ਹਾਉਣ ਤੋਂ ਬਾਅਦ ਰਾਤ ਨੂੰ ਸੰਤਰੀ ਦੀ ਡਿਊਟੀ ਕਰਦੀਆਂ ਸਨ। ਇਹ ਸਾਧਵੀਆਂ ਪੁਰਾਣੇ ਡੇਰੇ ਦੇ ਹੋਸਟਲ ਵਿੱਚ ਰਹਿੰਦੀਆਂ ਸਨ।ਸੀ ਬੀ ਆਈ ਨੇ ਜਾਂਚ ਦੌਰਾਨ ਡੇਰਾ ਛੱਡ ਕੇ ਗਈਆਂ 24 ਵਿੱਚੋਂ 18 ਸਾਧਵੀਆਂ ਨੂੰ ਲੱਭ ਲਿਆ ਸੀ, ਪਰ ਉਨ੍ਹਾਂ ਬਦਨਾਮੀ, ਪਰਵਾਰ ਟੁੱਟਣ ਅਤੇ ਜਾਨ ਦੇ ਖ਼ਤਰੇ ਦੇ ਡਰੋਂ ਕੋਈ ਬਿਆਨ ਨਹੀਂ ਦਿੱਤਾ।ਸੀ ਬੀ ਆਈ ਦੀ ਰਿਪੋਰਟ ਮੁਤਾਬਕ ਇਹ ਡੇਰਾ 1948 ਵਿੱਚ ਸਥਾਪਤ ਹੋਇਆ ਅਤੇ ਉਸ ਸਮੇਂ ਇਹ ਸਿਰਫ਼ 25 ਏਕੜ ਵਿੱਚ ਸੀ ਅਤੇ ਇਸ ਤੋਂ ਬਾਅਦ ਤਕਰੀਬਨ 600 ਏਕੜ ਵਿੱਚ ਨਵਾਂ ਡੇਰਾ ਆਬਾਦ ਕੀਤਾ ਗਿਆ।ਇਸ ਨਵੇਂ ਤੇ ਪੁਰਾਣੇ ਡੇਰੇ ਵਿੱਚ ਪੰਜ ਕਿਲੋਮੀਟਰ ਦਾ ਫ਼ਾਸਲਾ ਦੱਸਿਆ ਗਿਆ ਹੈ।ਪੰਜਾਬ ਵਿੱਚ ਖਾੜਕੂ ਦੌਰਾਨ ਸਰਗਰਮ ਖਾੜਕੂ ਗੁਰਜੰਟ ਸਿੰਘ ਰਾਜਸਥਾਨੀ, ਜੋ ਬਾਅਦ ਵਿੱਚ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ, ਉਹ ਡੇਰਾ ਮੁਖੀ ਦਾ ਕਰੀਬੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।