Latest News
26ਵੇਂ 'ਮੇਲਾ ਗ਼ਦਰੀ ਬਾਬਿਆਂ ਦਾ' ਦੀ ਸਫ਼ਲਤਾ ਸੰਬੰਧੀ ਵਿਚਾਰ-ਚਰਚਾ

Published on 02 Sep, 2017 11:50 AM.


ਜਲੰਧਰ (ਕੇਸਰ)
ਗ਼ਦਰੀ ਬਾਬਿਆਂ ਦੇ ਮੇਲੇ ਨੂੰ ਹਰ ਪੱਖੋਂ ਸਫ਼ਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ ਲਈ ਗੰਭੀਰ ਵਿਚਾਰਾਂ ਕਰਨ ਵਾਸਤੇ ਬੁੱਧੀਜੀਵੀਆਂ, ਰੰਗ ਕਰਮੀਆਂ, ਗ਼ਦਰੀ ਦੇਸ਼ ਭਗਤਾਂ ਦੇ ਪਿੰਡਾਂ ਨਾਲ ਜੁੜੀਆਂ ਕਮੇਟੀਆਂ ਦੇ ਪ੍ਰਤੀਨਿਧਾਂ ਦੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਮੀਟਿੰਗ ਕੀਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੇ ਸ਼ੁਰੂਆਤ 'ਚ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੇਲੇ ਨੂੰ ਨਵੀਂ ਪੁਲਾਂਘ ਵੱਲ ਲਿਜਾਣ ਦੇ ਮਨੋਰਥ ਬਾਰੇ ਦੱਸਦਿਆਂ ਹਾਜ਼ਰੀਨ ਦੇ ਸੁਝਾਅ ਮੰਗੇ।
30-31 ਅਕਤੂਬਰ ਅਤੇ 1 ਨਵੰਬਰ ਸਾਰਾ ਦਿਨ ਸਾਰੀ ਰਾਤ ਚੱਲਣ ਵਾਲੇ ਤਿੰਨ ਰੋਜ਼ਾ ਇਸ 26ਵੇਂ ਮੇਲੇ ਵਿਚ ਢੁੱਕਵੇਂ ਵਿਸ਼ਿਆਂ, ਕਲਾਤਮਕ ਪੱਖਾਂ, ਪ੍ਰਬੰਧਾਂ, ਹਾਜ਼ਰੀ, ਲੋਕ-ਸ਼ਮੂਲੀਅਤ, ਤਿਆਰੀ ਮੁਹਿੰਮ, ਲੰਗਰ ਅਤੇ ਜਨਤਕ ਉਗਰਾਹੀ ਆਦਿ ਨਾਲ ਜੁੜਵੇਂ ਅਨੇਕਾਂ ਪੱਖਾਂ ਉਪਰ ਵਿਚਾਰ-ਚਰਚਾ ਹੋਈ। ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਤ ਗ਼ਦਰੀ ਬਾਬਿਆਂ ਦੇ ਇਸ ਮੇਲੇ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਝੰਡਾ ਲਹਿਰਾਉਣਗੇ। ਇਸ ਮੌਕੇ ਹੋਣ ਵਾਲੇ ਝੰਡੇ ਦੇ ਗੀਤ ਦੀ ਨਿੱਕੜੀ ਝਲਕ ਅਤੇ ਲਾਈਟ ਐਂਡ ਸਾਊਂਡ ਵਿਚ ਮੁਕੰਮਲ ਪੇਸ਼ਕਾਰੀ ਦੇ ਸੁਝਾਅ ਆਏ।
ਜਲੰਧਰ, ਆਸ-ਪਾਸ ਦੇ ਪਿੰਡਾਂ, ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਨੂੰ ਮੇਲੇ ਨਾਲ ਜੋੜਨ ਲਈ ਵਿਸ਼ੇਸ਼ ਉੱਦਮ ਜੁਟਾਉਣ ਉਪਰ ਜ਼ੋਰ ਦਿੱਤਾ ਗਿਆ। ਸੋਸ਼ਲ ਮੀਡੀਆ ਦੀ ਸੁਯੋਗ ਵਰਤੋਂ, ਨੁੱਕੜ ਨਾਟਕਾਂ ਦੀ ਅਕਤੂਬਰ ਮਹੀਨਾ ਲੰਮੀ ਮੁਹਿੰਮ, ਢੁੱਕਵੇਂ ਪ੍ਰਭਾਵਸ਼ਾਲੀ ਢੰਗਾਂ, ਕਲਾ ਕਿਰਤਾਂ ਅਤੇ ਢੁੱਕਵੀਆਂ ਤਕਰੀਰਾਂ ਰਾਹੀਂ ਲੋਕਾਂ ਨੂੰ ਮੇਲੇ 'ਚ ਹਿੱਸੇਦਾਰ ਬਣਾਉਣ 'ਤੇ ਜ਼ੋਰ ਦਿੱਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਪਿਛਲੇ ਮੇਲਿਆਂ ਦੇ ਤਜ਼ਰਬੇ ਤੋਂ ਸਿਖਦਿਆਂ ਅਗੇਰੇ ਕਦਮ ਚੁੱਕਣ ਦੀ ਅਪੀਲ ਕੀਤੀ।
ਪੰਜਾਬ ਭਰ 'ਚੋਂ ਪੁੱਜੇ ਗ਼ਦਰੀ ਮੇਲੇ ਨਾਲ ਜੁੜੇ ਹਾਜ਼ਰ ਵਡੇਰੇ ਪਰਵਾਰ 'ਚੋਂ ਡਾ. ਸੁਖਵਿੰਦਰ ਸਿੰਘ ਸੰਘਾ, ਡਾ. ਹਰਜਿੰਦਰ ਸਿੰਘ ਅਟਵਾਲ, ਸਵਿਤਾ ਤਿਵਾੜੀ, ਹਰਮੇਸ਼ ਮਾਲੜੀ, ਹਰਵਿੰਦਰ ਦੀਵਾਨਾ, ਹੰਸਾ ਸਿੰਘ, ਕਸਤੂਰੀ ਲਾਲ, ਪਵਨ, ਬਲਦੇਵ ਖੁੱਲਰ, ਸਵਿਤਾ ਦੁੱਗਲ, ਡਾ. ਸੈਲੇਸ਼, ਹੈਪੀ ਭਗਤ, ਸੱਤਪਾਲ, ਜਸਵਿੰਦਰ ਪੱਪੀ, ਕੁਲਵੰਤ ਕਾਕਾ, ਪਰਮਜੀਤ ਸਿੰਘ, ਅਮਰੀਕ ਸਿੰਘ, ਸਤਵਿੰਦਰ ਸੋਨੀ, ਬਲਵਿੰਦਰ ਕੌਰ ਬਾਂਸਲ ਆਦਿ ਨੇ ਅਮੁੱਲੇ ਸੁਝਾਅ ਦਿੱਤੇ। ਆਖੀਰ 'ਚ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਸਭ ਦਾ ਧੰਨਵਾਦ ਕਰਦਿਆਂ ਆਏ ਸੁਝਾਵਾਂ 'ਤੇ ਕਮੇਟੀ 'ਚ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ।

602 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper