ਹਨੀਪ੍ਰੀਤ ਦੀ ਭਾਲ 'ਚ ਛਾਣੇ ਯੂ ਪੀ ਦੇ ਜੰਗਲ, ਨੇਪਾਲ ਭੱਜਣ ਦਾ ਖਦਸ਼ਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਦੀ ਕਥਿਤ ਧੀ ਤੇ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਦੀ ਭਾਲ ਲਈ ਪੁਲਸ ਪੂਰੀ ਵਾਹ ਲਾ ਰਹੀ ਹੈ। ਹਨੀਪ੍ਰੀਤ ਨਾਲ ਸੰਬੰਧਤ ਹੁਣ ਤੱਕ ਜੋ ਵੀ ਸੁਰਾਗ ਮਿਲੇ ਹਨ, ਪੁਲਸ ਉਨ੍ਹਾਂ ਰਾਹੀਂ ਉਸ ਤੱਕ ਪਹੁੰਚਣ ਦੇ ਯਤਨ ਕਰ ਰਹੀ ਹੈ। ਅੱਜ ਸਵੇਰੇ ਪਤਾ ਲੱਗਾ ਸੀ ਕਿ ਹਨੀਪ੍ਰੀਤ ਇੱਕ ਗੱਡੀ ਵਿੱਚ ਸਵਾਰ ਹੋ ਕੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਜੰਗਲਾਂ ਰਾਹੀਂ ਨੇਪਾਲ ਭੱਜ ਗਈ ਹੈ। ਹਰਿਆਣਾ ਪੁਲਸ ਦੀ ਟੀਮ ਉੱਥੇ ਹਨੀਪ੍ਰੀਤ ਦੀ ਭਾਲ ਕਰ ਰਹੀ ਹੈ। ਲਾਵਾਰਿਸ ਮਿਲੀ ਪੰਜਾਬ ਦੀ ਇਸ ਕਾਰ ਦੇ ਮਾਲਕ ਦਾ ਪਤਾ ਲੱਗ ਚੁੱਕਾ ਹੈ, ਪਰ ਹਨੀਪ੍ਰੀਤ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ।
ਬੀਤੇ ਕੱਲ੍ਹ ਖ਼ਬਰ ਆਈ ਸੀ ਕਿ ਹਨੀਪ੍ਰੀਤ ਮੁੰਬਈ ਦੇ ਰਸਤੇ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਹ ਖ਼ਬਰ ਝੂਠ ਨਿਕਲੀ ਸੀ।ਜੇਲ੍ਹ ਵਿੱਚ ਜਿਨ੍ਹਾਂ 10 ਲੋਕਾਂ ਨੂੰ ਬਲਾਤਕਾਰੀ ਬਾਬਾ ਮਿਲਣਾ ਚਾਹੁੰਦਾ ਹੈ, ਉਨ੍ਹਾਂ ਵਿੱਚ ਹਨੀਪ੍ਰੀਤ ਦਾ ਨਾਂਅ ਵੀ ਸ਼ਾਮਲ ਹੈ, ਪਰ ਉਹ ਹੈ ਕਿੱਥੇ ਇਹੋ ਸਭ ਤੋਂ ਵੱਡਾ ਸਵਾਲ ਬਣਿਆ ਪਿਆ ਹੈ।ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਇੰਸਾਂ ਦੀ ਭਾਲ ਵਿੱਚ ਨੇਪਾਲ ਦੀ ਸਰਹੱਦ 'ਤੇ ਗਈ ਹਰਿਆਣਾ ਪੁਲਸ ਦੀ ਟੀਮ ਖਾਲੀ ਹੱਥ ਪਰਤ ਆਈ ਹੈ। ਪੁਲਸ ਦੇ ਉੱਚ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਨੀਪ੍ਰੀਤ ਦੇ ਨੇਪਾਲ ਵੱਲ ਜਾਣ ਦਾ ਕੋਈ ਸੁਰਾਗ ਨਹੀਂ ਮਿਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ਸਰਹੱਦ ਕੋਲੋਂ ਪੰਜਾਬ ਦੀ ਰਜਿਸਟਰਡ ਕਾਰ ਲਾਵਾਰਿਸ ਹਾਲਾਤ ਵਿੱਚ ਮਿਲੀ ਹੈ। ਪੁਲਸ ਨੇ ਕਾਰ ਦੇ ਮਾਲਕ ਤੇ ਇਸ ਦੇ ਹਨੀਪ੍ਰੀਤ ਨਾਲ ਕੋਈ ਸੰਬੰਧ ਹੋਣ ਬਾਰੇ ਜਾਂਚ ਕਰ ਰਹੀ ਹੈ।
ਦੱਸਣਾ ਬਣਦਾ ਹੈ ਕਿ ਬੀਤੇ ਮਹੀਨੇ ਦੀ 25 ਤਰੀਕ ਨੂੰ ਜਦੋਂ ਡੇਰਾ ਮੁਖੀ ਨੂੰ ਅਦਾਲਤ ਨੇ ਬਲਾਤਕਾਰ ਦੇ ਦੋਸ਼ ਵਿੱਚ ਮੁਜਰਮ ਐਲਾਨ ਦਿੱਤਾ ਸੀ ਤਾਂ ਉਸ ਦੇ ਪੈਰੋਕਾਰਾਂ ਨੇ ਹਿੰਸਾ ਕਰਨੀ ਸ਼ੁਰੂ ਦਿੱਤੀ ਸੀ। ਇਸ ਵਿੱਚ ਪੂਰੇ ਹਰਿਆਣਾ 'ਚ ਤਕਰੀਬਨ 40 ਲੋਕਾਂ ਦੀ ਮੌਤ ਹੋ ਗਈ ਸੀ। ਪੁਲਸ ਨੂੰ ਸ਼ੱਕ ਹੈ ਕਿ ਡੇਰਾ ਮੁਖੀ ਦੀ ਇਹ ਕਥਿਤ ਧੀ ਹਨੀਪ੍ਰੀਤ ਦੀ ਹਿੰਸਾ ਵਿੱਚ ਸ਼ਮੂਲੀਅਤ ਸੀ। ਉਸ ਨੇ ਡੇਰਾ ਮੁਖੀ ਨੂੰ ਅਦਾਲਤ ਵਿੱਚੋਂ ਭਜਾਉਣ ਦੀ ਸਾਜ਼ਿਸ਼ ਵੀ ਰਚੀ ਸੀ।
ਪੁਲਸ ਨੇ ਹਨੀਪ੍ਰੀਤ ਖਿਲਾਫ ਲੁੱਕ-ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ ਤੇ ਦੇਸ਼ ਧ੍ਰੋਹ ਦਾ ਮਾਮਲਾ ਵੀ ਦਰਜ ਕੀਤਾ ਹੈ।ਇਹ ਵੀ ਪਤਾ ਲੱਗਾ ਹੈ ਕਿ ਪੁਲਸ ਨੇਪਾਲ ਬਾਰਡਰ ਕੋਲ ਲੋਕਾਂ ਨੂੰ ਹਨੀਪ੍ਰੀਤ ਦੀ ਤਸਵੀਰ ਵਿਖਾ ਕੇ ਪੁੱਛ-ਪੜਤਾਲ ਕਰ ਰਹੀ ਹ ੈ।