ਬਲਿਊ ਵ੍ਹੇਲ ਖੇਡਣ ਵਾਲੇ ਨੌਜਵਾਨ ਨੇ ਸਾਂਝਾ ਕੀਤਾ ਦਿਲ ਦਹਿਲਾ ਦੇਣ ਵਾਲਾ ਤਜਰਬਾ


ਚੇਨੱਈ, (ਨ ਜ਼ ਸ)
ਤਾਮਿਲਨਾਡੂ ਦੇ ਕਰਾਈਕਲ ਜ਼ਿਲ੍ਹੇ ਵਿੱਚ ਘਾਤਕ ਬਲਿਊ ਵ੍ਹੇਲ ਗੇਮ 'ਚੋਂ ਬਚਾਏ ਗਏ 22 ਸਾਲ ਦੇ ਨੌਜਵਾਨ ਨੇ ਆਪਣੇ ਭਿਆਨਕ ਤਜਰਬੇ ਨੂੰ ਸਾਂਝਾ ਕੀਤਾ ਹੈ। ਉਸ ਨੇ ਨੌਜਵਾਨਾਂ ਨੂੰ ਕਿਸੇ ਵੀ ਹਾਲ ਵਿੱਚ ਇਸ ਗੇਮ ਨੂੰ ਨਾ ਖੇਡਣ ਦੀ ਅਪੀਲ ਕੀਤੀ ਹੈ। ਜ਼ਿਲ੍ਹੇ ਦੇ ਨੇਰਾਵੀ ਦੇ ਵਸਨੀਕ ਅਲੈਂਗਜ਼ੈਂਡਰ ਨੂੰ ਮੰਗੂਲੀਆ ਤੋਂ ਪੁਲਸ ਨੇ ਬਚਾਇਆ ਸੀ। ਇਸ ਨੌਜਵਾਨ ਨੇ ਬੁੱਧਵਾਰ ਨੂੰ ਇਸ ਖੇਡ ਨਾਲ ਜੁੜੇ ਖਤਰਿਆਂ ਬਾਰੇ ਹੋਰ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਇਸ ਖੇਡ ਨੂੰ ਨਾ ਖੇਡਣ ਦੀ ਸਲਾਹ ਦਿੱਤੀ ਹੈ। ਅਲੈਗਜ਼ੈਂਡਰ ਨੇ ਖੁਲਾਸਾ ਕੀਤਾ ਹੈ ਕਿ ਉਸ ਨਾਲ ਕੰਮ ਕਰਨ ਵਾਲੇ ਲੋਕਾਂ ਨੇ ਇੱਕ ਵਟਸਐਪ ਗਰੁੱਪ ਬਣਾਇਆ ਸੀ ਅਤੇ ਉਸ ਨੇ ਇਸ ਗਰੁੱਪ ਨਾਲ ਦੋ ਹਫਤੇ ਪਹਿਲਾਂ ਇਹ ਗੇਮ ਖੇਡਣ ਲਈ ਲਿੰਕ ਕੀਤਾ ਸੀ। ਅਲੈਗਜ਼ੈਂਡਰ ਨੇ ਦੱਸਿਆ ਕਿ ਜਦੋਂ ਉਹ ਛੁੱਟੀ 'ਤੇ ਨੇਰਾਵੀ ਆਇਆ ਸੀ ਤਾਂ ਉਸ ਨੇ ਇਹ ਗੇਮ ਖੇਡਣੀ ਸ਼ੁਰੂ ਕੀਤੀ। ਅਗੈਲਜ਼ੈਂਡਰ ਨੇ ਦੱਸਿਆ ਕਿ ਇਹ ਗੇਮ ਖੇਡਣ ਸ਼ੁਰੂ ਕਰਨ ਤੋਂ ਬਾਅਦ ਉਹ ਡਿਊਟੀ 'ਤੇ ਚੇਨੱਈ ਵਾਪਸ ਨਹੀਂ ਪਰਿਤਆ। ਉਸ ਨੇ ਦੱਸਿਆ ਕਿ ਇਸ ਐਪ ਜਾਂ ਗੇਮ ਨੂੰ ਡਾਊਨਲੋਡ ਨਹੀਂ ਕੀਤਾ ਜਾਣਾ ਚਾਹੀਦਾ। ਉਸ ਨੇ ਦੱਸਿਆ ਕਿ ਇਹ ਅਜਿਹਾ ਲਿੰਕ ਹੈ, ਜਿਸ ਨੂੰ ਬਲਿਊ ਵ੍ਹੇਲ ਅਡਮਿਨ ਗੇਮ ਖੇਡਣ ਵਾਲੇ ਲੋਕਾਂ ਦੇ ਮੁਤਾਬਕ ਬਣਾਇਆ ਜਾਂਦਾ ਹੈ। ਅਲੈਗਜ਼ੈਂਡਰ ਨੇ ਦੱਸਿਆ ਕਿ ਐਡਮਿਨ ਜੋ ਟਾਸਕ ਦਿੰਦਾ ਹੈ, ਉਸ ਨੂੰ ਹਰ ਰੋਜ਼ ਦੇਰ ਤੱਕ 2 ਵਜੇ ਤੋਂ ਬਾਅਦ ਹੀ ਪੂਰਾ ਕਰਨਾ ਹੁੰਦਾ ਹੈ। ਕੁਝ ਦਿਨਾਂ ਬਾਅਦ ਐਗਲਜ਼ੈਂਡਰ ਨੂੰ ਅੱਧੀ ਰਾਤ ਨੂੰ ਇੱਕ ਕਬਰਸਤਾਨ ਜਾਣ ਲਈ ਆਖਿਆ ਗਿਆ ਅਤੇ ਉਸ ਨੂੰ ਕਬਰਸਤਾਨ ਵਿੱਚ ਸੈਲਫੀ ਲੈ ਕੇ ਆਨਲਾਈਨ ਪੋਸਟ ਕਰਨ ਲਈ ਆਖਿਆ ਗਿਆ। ਐਲਗਜ਼ੈਂਡਰ ਨੇ ਦੱਸਿਆ ਕਿ ਉਹ ਅੱਧੀ ਰਾਤ ਨੂੰ ਕਰਾਈਕਲ ਦੇ ਕਬਰਸਤਾਨ ਵਿੱਚ ਗਿਆ ਅਤੇ ਉਸ ਨੇ ਸੈਲਫੀ ਲੈ ਕੇ ਉਸ ਨੂੰ ਪੋਸਟ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਨੂੰ ਰੋਜ਼ਾਨਾ ਇਕੱਲਿਆਂ ਡਰਾਉਣੀਆਂ ਫਿਲਮਾਂ ਦੇਖਣੀਆਂ ਪੈਂਦੀਆਂ ਸਨ। ਐਗਲਜ਼ੈਂਡਰ ਨੇ ਦੱਸਿਆ ਕਿ ਉਹ ਘਰਵਾਲਿਆਂ ਨਾਲ ਗੱਲ ਕਰਨ ਤੋਂ ਕੰਨੀ ਕਤਰਾਉਣ ਲੱਗ ਪਿਆ ਅਤੇ ਇਕੱਲਿਆਂ ਕਮਰੇ ਵਿੱਚ ਬੰਦ ਰਹਿਣ ਲੱਗ ਪਿਆ। ਉਹਨਾ ਕਿਹਾ ਕਿ ਇਹ ਖੇਡ ਦਿਮਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਨ ਵਾਲੀ ਸੀ। ਐਗਲਜ਼ੈਂਡਰ ਨੇ ਦੱਸਿਆ ਕਿ ਉਹ ਇਸ ਗੇਮ ਨੂੰ ਬੰਦ ਕਰਨਾ ਚਾਹੁੰਦਾ ਸੀ, ਪਰ ਉਹ ਅਜਿਹਾ ਨਹੀਂ ਕਰ ਸਕਿਆ। ਐਗਲਜ਼ੈਂਡਰ ਦੇ ਭਰਾ ਅਜੀਤ ਦਾ ਧਿਆਨ ਉਸ ਦੇ ਵਿਹਾਰ ਵਿੱਚ ਆਈਆਂ ਤਬਦੀਲੀਆਂ ਉੱਪਰ ਪੈ ਗਿਆ। ਉਸ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਐਗਲਜ਼ੈਂਡਰ ਦੇ ਘਰ ਕੱਲ੍ਹ ਸਵੇਰੇ ਚਾਰ ਵਜੇ ਪਹੁੰਚੀ ਅਤੇ ਐਗਲਜ਼ੈਂਡਰ ਨੂੰ ਉਸ ਸਮੇਂ ਬਚਾਅ ਲਿਆ, ਜਦੋਂ ਉਹ ਆਪਣੇ ਹੱਥ 'ਤੇ ਚਾਕੂ ਨਾਲ ਮੱਛੀ ਦੀ ਸ਼ਕਲ ਬਣਾਉਣ ਵਾਲਾ ਸੀ। ਐਗਲਜ਼ੈਂਡਰ ਨੇ ਦੱਸਿਆ ਕਿ ਉਹ ਕੌਂਸਲਿੰਗ ਮੁਹੱਈਆ ਕਰਾਏ ਜਾਣ ਤੋਂ ਬਾਅਦ ਹੁਣ ਬਿਲਕੁੱਲ ਸਥਿਰ ਹੈ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਦੇ ਵੀ ਇਸ ਗੇਮ ਨੂੰ ਖੇਡਣ ਦੀ ਕੋਸ਼ਿਸ਼ ਨਾ ਕਰਨ। ਉਸ ਨੇ ਚੇਤਾਵਨੀ ਦਿੱਤੀ ਕਿ ਅਸਲ ਵਿੱਚ ਇਹ ਮੌਤ ਦਾ ਜਾਲ ਹੈ।