ਆਦਿੱਤਿਆ ਸਚਦੇਵਾ ਕਤਲ ਮਾਮਲੇ 'ਚ ਰਾਕੀ ਯਾਦਵ ਸਮੇਤ ਤਿੰਨ ਨੂੰ ਉਮਰ ਕੈਦ


ਪਟਨਾ, (ਨਵਾਂ ਜ਼ਮਾਨਾ ਸਰਵਿਸ)
ਬਿਹਾਰ ਦੇ ਗਯਾ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਚਰਚਿਤ ਆਦਿੱਤਿਆ ਸਚਦੇਵਾ ਕਤਲ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਚਾਰ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਰਾਕੀ ਯਾਦਵ ਸਮੇਤ ਤਿੰਨ ਜਣਿਆਂ ਨੂੰ ਉਮਰ ਕੈਦ ਅਤੇ ਚੌਥੇ ਦੋਸ਼ੀ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪਿਛਲੇ ਵੀਰਵਾਰ ਨੂੰ ਇਸ ਮਾਮਲੇ 'ਚ ਅਦਾਲਤ ਨੇ ਜਨਤਾ ਦਲ ਯੂ ਦੀ ਬਰਖਾਸਤ ਵਿਧਾਨ ਸਭਾ ਪ੍ਰੀਸ਼ਦ ਮੈਂਬਰ ਮਨੋਰਮਾ ਦੇਵੀ ਦੇ ਬੇਟੇ ਰਾਜੇਸ਼ ਰੰਜਨ ਯਾਦਵ ਉਰਫ ਰਾਕੀ ਯਾਦਵ ਸਮੇਤ ਚਾਰ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਪਿਛਲੇ ਸਾਲ 7 ਮਈ ਨੂੰ ਰੋਡਵੇਜ਼ 'ਚ ਆਦਿੱਤਿਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵੀਰਵਾਰ ਨੂੰ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਆਦਿੱਤਿਆ ਸਚਦੇਵਾ ਦੀ ਮਾਂ ਨੇ ਕਿਹਾ ਸੀ ਕਿ ਉਹਨਾ ਨੇ ਇਨਸਾਫ ਕਾਨੂੰਨ 'ਤੇ ਛੱਡ ਦਿੱਤਾ ਹੈ। ਉਨ੍ਹਾ ਕਿਹਾ ਕਿ ਇੱਕ ਮਾਂ ਨੂੰ ਪਤਾ ਹੈ ਕਿ ਉਸ ਨੇ 16 ਸਾਲ ਕਿਵੇਂ ਲੰਘਾਏ ਹਨ।
ਕਤਲ ਤੋਂ ਬਾਅਦ ਆਦਿੱਤਿਆ ਦਾ 12ਵੀਂ ਕਲਾਸ ਦਾ ਨਤੀਜਾ ਆਇਆ ਸੀ, ਜਿਸ 'ਚ ਉਸ ਨੇ 70 ਫੀਸਦੀ ਅੰਕ ਹਾਸਲ ਕੀਤੇ ਸਨ। 24 ਸਾਲਾ ਰਾਕੀ ਯਾਦਵ ਨੇ ਉਸ ਵੇਲੇ ਹੱਤਿਆ ਕਰ ਦਿੱਤੀ ਸੀ, ਜਦੋਂ ਉਸ ਨੇ ਮਹਿਲਾ ਆਗੂ ਦੇ ਪੁੱਤਰ ਦੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਾਰਦਾਤ ਤੋਂ ਬਾਅਦ ਫਰਾਰ ਹੋਏ ਰਾਨੀ ਯਾਦਵ ਨੂੰ ਪੁਲਸ ਨੇ ਗਯਾ ਜ਼ਿਲ੍ਹੇ ਦੇ ਬੋਧਗਯਾ ਇਲਾਕੇ 'ਚੋਂ ਗ੍ਰਿਫਤਾਰ ਕੀਤਾ ਸੀ, ਜਦ ਕਿ ਇਲਾਕੇ ਦੇ ਬਹੂਬਲੀ ਮੰਨੇ ਜਾਂਦੇ ਰਾਕੀ ਦੇ ਪਿਤਾ ਬਿੰਦੇਸ਼ਵਰੀ ਯਾਦਵ, ਮਨੋਰਮਾ ਦੇਵੀ ਦੇ ਅੰਗ-ਰੱਖਿਅਕ ਰਾਜੇਸ਼ ਕੁਮਾਰ ਨੂੰ ਪੁਲਸ ਨੇ ਪਿਛਲੇ ਸਾਲ 8 ਮਈ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ 'ਚ ਇਸ ਮਾਮਲੇ 'ਚ ਰਾਕੀ ਯਾਦਵ ਨੂੰ ਪਟਨਾ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਨੂੰ ਪਿਛਲੇ ਸਾਲ ਅਕਤੂਬਰ 'ਚ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ।