ਕੈਲੀਫੋਰਨੀਆ 'ਚ ਭਿਆਨਕ ਸੜਕ ਹਾਦਸੇ 'ਚ ਪੰਜ ਪੰਜਾਬੀਆਂ ਦੀ ਮੌਤ


ਫਰਿਜ਼ਨੋ (ਕੈਲੀਫੋਰਨੀਆ) (ਨਵਾਂ ਜ਼ਮਾਨਾ ਸਰਵਿਸ)
ਫਰਿਜ਼ਨੋ ਦੇ ਨਜ਼ਦੀਕ ਮੈਨਡੋਟਾ ਸ਼ਹਿਰ ਹਾਈਵੇ 33 ਅਤੇ ਮੈਨਿੰਗ ਐਵੇਨਿਊ 'ਤੇ ਹੋਏ ਭਿਆਨਕ ਸੜਕ ਹਾਦਸੇ 'ਚ ਬੇ-ਏਰੀਏ ਨਾਲ ਸੰਬੰਧਤ ਪੰਜ ਪੰਜਾਬੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਇੱਕ ਮਰਸੀਡੀਜ਼ ਐੱਸ ਯੂ ਵੀ ਸਟਾਪ ਸਾਈਨ ਮਿਸ ਕਰਕੇ (ਨਾ ਰੁੱਕਣ ਕਰਕੇ) ਗਰੈਬਲ ਟਰੱਕ (ਬੱਜਰੀ ਦੇ ਭਰੇ ਟਰੱਕ) ਅੱਗੇ ਆ ਗਈ।
ਤੇਜ਼ ਰਫ਼ਤਾਰ ਟਰੱਕ ਨੇ ਮਰਸੀਡੀਜ਼ ਨੂੰ ਟੱਕਰ ਮਾਰਨ ਪਿੱਛੋਂ ਕਈ ਫੁੱਟ ਸੜਕ ਤੋਂ ਥੱਲੇ ਚੁੱਕ ਮਾਰਿਆ । ਬੱਜਰੀ ਦਾ ਲੋਡ ਕਾਰ ਉਪਰ ਡਿੱਗ ਗਿਆ ਅਤੇ ਉਸ ਕਾਰ ਨੂੰ ਅੱਗ ਲੱਗ ਗਈ ।ਕੈਲੀਫੋਰਨੀਆ ਹਾਈਵੇ ਪੈਟਰੋਲ (ਪੁਲਸ) ਦੇ ਅਫਸਰ ਸਟੀਵ ਸੁੰਜ ਨੇ ਦੱਸਿਆ ਕਿ ਮੌਕੇ 'ਤੇ ਅੱਗ ਦੀ ਲਪੇਟ ਵਿਚ ਆਈ ਕਾਰ ਵਿਚੋਂ ਦੋ ਵਿਅਕਤੀਆਂ ਨੂੰ ਜ਼ਿੰਦਾ ਬਾਹਰ ਵੀ ਕੱਢਿਆ ਗਿਆ, ਪਰ ਸੱਟਾਂ ਦੀ ਤਾਬ ਨਾ ਝੱਲਦਿਆਂ ਉਹ ਵੀ ਮੌਕੇ 'ਤੇ ਹੀ ਦਮ ਤੋੜ ਗਏ।।ਇਸ ਮੌਕੇ ਟਰੱਕ ਡਰਾਈਵਰ ਵੇਨ ਫਿਲਚਰ (ਡਨੂਬਾ) ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਹੈਲੀਕਾਪਟਰ ਰਾਹੀਂ ਫਰਿਜ਼ਨੋ ਦੇ ਕਮਿਊਨਿਟੀ ਹਸਪਤਾਲ ਪਹੁੰਚਾਇਆ ਗਿਆ।
ਇਸ ਘਟਨਾ ਵਿਚ ਮਾਰੇ ਗਏ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਬੇ-ਏਰੀਏ ਦੇ ਹੈਵਰਡ ਤੋਂ ਦੱਸੇ ਗਏ ਹਨ। ਮ੍ਰਿਤਕਾਂ ਵਿਚ ਮਸ਼ਹੂਰ ਜੋਤਸ਼ੀ ਮਾਸਟਰ ਦੀਪਕ ਵੀ ਸ਼ਾਮਲ ਹੈ। ਇਸ ਘਟਨਾ ਕਾਰਨ ਫਰਿਜ਼ਨੋ ਇਲਾਕੇ ਦੇ ਪੰਜਾਬੀ ਭਾਈਚਾਰੇ ਅੰਦਰ ਸੋਗ ਦਾ ਮਾਹੌਲ ਹੈ। ਪੁਲਸ ਦੇ ਦੱਸਣ ਮੁਤਾਬਿਕ ਇਸ ਘਟਨਾ ਕਰਕੇ ਕੱਲ੍ਹ ਹਾਈਵੇ 33 ਘੰਟੇ ਬੰਦ ਰਿਹਾ।