ਰੇਲਵੇ ਹੋਟਲ ਲੀਜ਼ ਘੁਟਾਲਾ; ਸੀ ਬੀ ਆਈ ਵੱਲੋਂ ਲਾਲੂ ਤੇ ਤੇਜਸਵੀ ਤਲਬ


ਪਟਨਾ (ਨਵਾਂ ਜ਼ਮਾਨਾ ਸਰਵਿਸ)
ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਹੁਣ ਸੀ ਬੀ ਆਈ ਨੇ ਰੇਲਵੇ ਹੋਟਲ ਦੇ ਟੈਡਰ ਘੁਟਾਲਾ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾ ਦੇ ਪੁੱਤਰ ਤੇਜਸਵੀ ਯਾਦਵ ਨੂੰ ਨੋਟਿਸ ਭੇਜ ਕੇ ਦੋਹਾਂ ਨੂੰ ਪੁੱਛਗਿੱਛ ਲਈ ਦਿੱਲੀ ਤਲਬ ਕੀਤਾ ਹੈ। ਨੋਟਿਸ ਅਨੁਸਾਰ ਦੋਹਾਂ ਤੋਂ ਪੁੱਛਗਿੱਛ ਸੀ ਬੀ ਆਈ ਹੈਡ ਕੁਆਰਟਰ 'ਚ ਕੀਤੀ ਜਾਵੇਗੀ।
ਜਾਂਚ ਏਜੰਸੀ ਨੇ ਲਾਲੂ ਪ੍ਰਸਾਦ ਯਾਦਵ ਨੂੰ 11 ਸਤੰਬਰ ਨੂੰ 11 ਵਜੇ ਅਤੇ ਤੇਜਸਵੀ ਯਾਦਵ ਨੂੰ 12 ਸਤੰਬਰ ਨੂੰ ਸਵੇਰੇ 11 ਵਜੇ ਸੀ ਬੀ ਆਈ ਕੋਲ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸੀ ਬੀ ਆਈ ਨੇ 7 ਜੁਲਾਈ ਨੂੰ ਲਾਲੂ ਯਾਦਵ ਅਤੇ ਉਨ੍ਹਾ ਦੇ ਸਾਥੀਆਂ ਦੇ ਪਟਨਾ ਤੋਂ ਲੈ ਕੇ ਦਿੱਲੀ ਤੱਕ ਦੇ 12 ਟਿਕਾਣਿਆਂ 'ਤੇ ਛਾਪੇ ਮਾਰੇ ਸਨ। ਇਹਨਾ ਛਾਪਿਆਂ 'ਚ ਏਜੰਸੀ ਨੂੰ ਅਜਿਹੇ ਕਾਗ਼ਜ਼ਾਤ ਮਿਲੇ ਸਨ, ਜਿਨ੍ਹਾ ਤੋਂ ਪਤਾ ਚੱਲਿਆ ਕਿ ਪ੍ਰਸਿੱਧ ਹੋਟਲ ਵਪਾਰੀ ਵਿਨੈ ਕੋਚਰ ਅਤੇ ਵਿਜੈ ਕੋਚਰ ਨੂੰ ਰਾਂਚੀ ਅਤੇ ਪੁਰੀ 'ਚ ਰੇਲਵੇ ਦੇ ਦੋ ਵੱਡੇ ਹੋਟਲ ਲੀਜ਼ 'ਤੇ ਦੇਣ ਬਦਲੇ ਉਨ੍ਹਾਂ ਤੋਂ ਵੱਡੀ ਪੱਧਰ 'ਤੇ ਬੇਨਾਮੀ ਜਾਇਦਾਦ ਲਈ ਗਈ ਸੀ, ਜਿਸ 'ਚ ਤੇਜਸਵੀ ਯਾਦਵ ਦੇ ਪਟਨਾ 'ਚ ਬਣ ਰਹੇ ਮਾਲ ਦੀ ਜ਼ਮੀਨ ਵੀ ਸ਼ਾਮਲ ਹੈ।
ਸੀ ਬੀ ਆਈ ਵੱਲੋਂ 7 ਜੁਲਾਈ ਨੂੰ ਕੋਚਰ ਭਰਾਵਾਂ ਸਮੇਤ ਆਰ ਜੇ ਡੀ ਦੇ ਰਾਜ ਸਭਾ ਮੈਂਬਰ ਪ੍ਰੇਮ ਚੰਦ ਗੁਪਤਾ, ਉਨ੍ਹਾ ਦੀ ਪਤਨੀ ਸਰਲਾ ਗੁਪਤਾ ਅਤੇ ਆਈ ਆਰ ਸੀ ਟੀ ਸੀ ਦੇ ਉਹ ਵੇਲੇ ਦੇ ਮੈਨੇਜਿੰਗ ਡਾਇਰੈਕਟਰ ਪੀ ਕੇ ਗੋਇਲ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ। ਇਹਨਾਂ ਛਾਪਿਆਂ 'ਚ ਜਾਂਚ ਏਜੰਸੀ ਨੂੰ ਲਾਲੂ ਯਾਦਵ ਦੀਆਂ ਦੋ ਕੰਪਨੀਆਂ ਡਿਲਾਈਟ ਮਾਰਕੀਟਿੰਗ ਪ੍ਰਾਈਵੇਟ ਲਿ. ਅਤੇ ਲਾਰਾ ਪ੍ਰਾਜੈਕਟ ਪ੍ਰਾਈਵੇਟ ਲਿ. ਨਾਲ ਸੰਬੰਧਤ ਕਈ ਦਸਤਾਵੇਜ਼ ਬਰਾਮਦ ਕੀਤੇ ਸਨ। ਜਿਸ ਵੇਲੇ ਰੇਲਵੇ ਦੇ ਹੋਟਲ ਕੋਚਰ ਭਰਾਵਾਂ ਨੂੰ ਲੀਜ਼ 'ਤੇ ਦਿੱਤੇ ਗਏ, ਉਸ ਵੇਲੇ ਲਾਲੂ ਪ੍ਰਸਾਦ ਯਾਦਵ ਦੇਸ਼ ਦੇ ਰੇਲ ਮੰਤਰੀ ਸਨ।
ਦਸਤਾਵੇਜ਼ਾਂ ਅਨੁਸਾਰ ਪਹਿਲਾਂ ਕੋਚਰ ਭਰਾਵਾਂ ਨੂੰ ਇਹ ਹੋਟਲ 30 ਸਾਲ ਲਈ ਲੀਜ਼ 'ਤੇ ਦਿੱਤੇ ਗਏ ਸਨ ਅਤੇ ਮਗਰੋਂ ਲੀਜ਼ ਦੀ ਮਿਆਦ ਵਧਾ ਕੇ 60 ਸਾਲ ਕਰ ਦਿੱਤੀ ਗਈ। ਲਾਲੂ 'ਤੇ ਦੋਸ਼ ਹੈ ਕਿ ਉਨ੍ਹਾ ਲੀਜ਼ ਵਧਾਉਣ ਬਦਲੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਕੀਤਾ।
ਸੀ ਬੀ ਆਈ ਦੇ ਨੋਟਿਸ 'ਤੇ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਮੈਨੂੰ ਕਈ ਸਾਲਾਂ ਤੋਂ ਪੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਹੁਣ ਮੈਂ ਇਸ ਤਰ੍ਹਾਂ ਦੇ ਨੋਟਿਸਾਂ ਤੋਂ ਨਹੀਂ ਡਰਦਾ ਅਤੇ ਮੈਨੂੰ ਇਸ ਦੀ ਆਦਤ ਹੋ ਗਈ ਹੈ।