ਗੁੜਗਾਓਂ ਦੇ ਇੱਕ ਪ੍ਰਾਈਵੇਟ ਸਕੂਲ ਦੇ ਟਾਇਲਟ 'ਚੋਂ ਮਿਲੀ ਬੱਚੇ ਦੀ ਲਾਸ਼


ਗੁੜਗਾਓਂ (ਨਵਾਂ ਜ਼ਮਾਨਾ ਸਰਵਿਸ)
ਰਾਇਨ ਇੰਟਰਨੈਸ਼ਨਲ ਸਕੂਲ 'ਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਭੋਂਡਸੀ ਸਥਿਤ ਰਾਇਨ ਇੰਟਰਨੈਸ਼ਨਲ ਦੇ ਟਾਇਲਟ 'ਚ ਦੂਸਰੀ ਕਲਾਸ ਦੇ ਇੱਕ ਬੱਚੇ ਦੀ ਹੱਤਿਆ ਕੀਤੀ ਗਈ ਹੈ, ਕਿਉਂਕਿ ਉਸ ਦੀ ਲਾਸ਼ ਖੂਨ ਨਾਲ ਲਥਪਥ ਪਾਈ ਗਈ। ਲਾਸ਼ ਕੋਲੋਂ ਚਾਕੂ ਵੀ ਬਰਾਮਦ ਹੋਇਆ ਹੈ। ਮ੍ਰਿਤਕ ਬੱਚੇ ਦੀ ਪਹਿਚਾਣ 7 ਸਾਲ ਦੇ ਪ੍ਰਦੁਮਨ ਦੇ ਰੂਪ 'ਚ ਕੀਤੀ ਗਈ ਹੈ। ਜਾਣਕਾਰੀ ਮਿਲਣ ਦੇ ਬਾਅਦ ਪੁਲਸ ਘਟਨਾ ਸਥਾਨ 'ਤੇ ਪਹੁੰਚੀ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਹੱਤਿਆ ਅਤੇ ਆਤਮ-ਹੱਤਿਆ ਦੋਵਾਂ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਹਾਲਾਂਕਿ ਤਜਰਬੇਕਾਰਾਂ ਦਾ ਕਹਿਣਾ ਹੈ ਕਿ 7 ਸਾਲ ਦਾ ਬੱਚਾ ਚਾਕੂ ਨਾਲ ਆਤਮ-ਹੱਤਿਆ ਨਹੀਂ ਕਰ ਸਕਦਾ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਸਕੂਲ ਪਹੁੰਚਣ ਦੇ 10 ਮਿੰਟ ਬਾਅਦ ਇਹ ਘਟਨਾ ਹੋਈ। ਜਾਣਕਾਰੀ ਮੁਤਾਬਕ ਮਾਪਿਆਂ ਕੋਲ ਸਕੂਲ 'ਚੋਂ ਫ਼ੋਨ ਗਿਆ ਸੀ ਕਿ ਬੱਚਾ ਟਾਇਲਟ 'ਚ ਡਿੱਗ ਗਿਆ ਹੈ। ਗੌਰਤਲਬ ਹੈ ਕਿ ਰਾਇਨ ਸਕੂਲ 'ਚ ਇਹ ਅਜਿਹਾ ਪਹਿਲਾ ਵਾਕਿਆ ਨਹੀਂ ਹੈ। 20 ਜਨਵਰੀ 2016 ਨੂੰ 6 ਸਾਲ ਦੇ ਬੱਚੇ ਦੇਵਾਂਸ਼ ਕਕਰੋਰਾ ਦੀ ਵਸੰਤ ਕੁੰਜ ਰਾਇਨ ਇੰਟਰਨੈਸ਼ਨਲ 'ਚ ਪਾਣੀ ਦੀ ਟੈਂਕੀ 'ਚ ਡੁੱਬ ਕੇ ਮੌਤ ਹੋ ਗਈ ਸੀ। ਸੀ ਸੀ ਟੀ ਵੀ ਫੋਟੋਜ ਮੁਤਾਬਕ ਥੋੜ੍ਹੀ ਦੇਰ ਪਹਿਲਾਂ ਹੀ ਦੇਵਾਂਸ਼ ਨੂੰ ਗ੍ਰਾਊਂਡ 'ਚ ਖੇਡਦਾ ਵੇਖਿਆ ਗਿਆ ਸੀ।
ਵਸੰਤ ਕੁੰਜ ਨਾਰਥ ਥਾਣੇ 'ਚ ਲਾਪ੍ਰਵਾਹੀ ਦਾ ਕੇਸ ਦਰਜ ਕਰ ਲਿਆ ਗਿਆ ਸੀ। ਪੁਲਸ ਨੇ ਪ੍ਰਿੰਸੀਪਲ ਸਮੇਤ 4 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।