ਪਿਉ-ਧੀ ਅਜੀਬ ਢੰਗ ਨਾਲ ਹੋਏ ਗੁੰਮ, ਨਹਿਰ 'ਚੋਂ ਮੋਟਰਸਾਈਕਲ ਹੋਇਆ ਬਰਾਮਦ


ਮਲੋਟ (ਮਿੰਟੂ ਗੁਰੂਸਰੀਆ)
ਸਥਾਨਕ ਇੱਕ ਸ਼ਹਿਰ ਵਾਸੀ ਅਤੇ ਉਸਦੀ ਮਾਸੂਮ ਧੀ ਦੇ ਅਜੀਬ ਢੰਗ ਨਾਲ ਗੁੰਮ ਹੋਣ ਦੀ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ, ਪਰ ਪਰਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਉਕਤ 37 ਸਾਲਾ ਵਿਅਕਤੀ ਨੇ ਮਾਨਿਸਕ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੀ 7 ਸਾਲਾਂ ਦੀ ਮਾਸੂਮ ਧੀ ਨੂੰ ਨਾਲ ਲੈ ਕੇ ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਦੂਰ ਫਾਜ਼ਿਲਕਾ-ਸਰਸਾ ਕੌਮੀ ਸ਼ਾਹ ਮਾਰਗ ਉੱਪਰ ਪੈਂਦੀਆਂ ਜੋੜੀਆਂ ਨਹਿਰਾਂ ਵਿਚ ਮੋਟਰਸਾਈਕਲ ਸਮੇਤ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਜਿਵੇਂ ਸਵੇਰੇ ਇਹ ਸੂਚਨਾ ਮ੍ਰਿਤਕ ਦੇ ਵਾਰਸਾਂ ਤੇ ਪੁਲਸ ਪ੍ਰਸ਼ਾਸਨ ਨੂੰ ਮਿਲੀ ਤਾਂ ਉਹਨਾਂ ਗੋਤਾਖੋਰਾਂ ਦੀ ਮੱਦਦ ਨਾਲ ਪਿਉ-ਧੀ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ।ਥੋੜ੍ਹੇ ਸਮੇਂ ਬਾਅਦ ਹੀ ਗੋਤਾਖੋਰਾਂ ਨੂੰ ਰਾਜਸਥਾਨ ਨਹਿਰ ਵਿੱਚੋਂ ਮੋਟਰਸਾਈਕਲ ਮਿਲ ਗਿਆ ਅਤੇ ਬਾਪ-ਬੇਟੀ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ।ਪੀੜਤ ਪਰਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਤਿੰਦਰਪਾਲ ਸਿੰਘ ਉਰਫ ਰਿੰਕੂ ਬੀਤੇ ਕੱਲ੍ਹ ਮੋਟਰਸਾਈਕਲ 'ਤੇ ਆਪਣੀ 7 ਸਾਲਾਂ ਦੀ ਬੇਟੀ ਅੰਮ੍ਰਿਤਪਾਲ ਨੂੰ ਨਾਲ ਲੈ ਕੇ ਘਰੋਂ ਚਲਾ ਗਿਆ।ਪਰਵਾਰ ਨੇ ਸਮਝਿਆ ਕਿ ਉਹ ਆਮ ਵਾਂਗ ਗੁਰਦੁਆਰਾ ਸਾਹਿਬ (ਨਾਨਕਸਰ) ਚਲਾ ਗਿਆ ਹੋਵੇਗਾ, ਪਰ ਜਦ ਉਹ ਦੇਰ ਸ਼ਾਮ ਤੱਕ ਘਰ ਵਾਪਿਸ ਨਾ ਪਰਤਿਆ ਤਾਂ ਪਰਵਾਰ ਵੱਲੋਂ ਉਸਦੇ ਮੋਬਾਇਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਬੰਦ ਆ ਰਿਹਾ ਸੀ, ਜਿਸ ਤੋਂ ਬਾਅਦ ਪਰਵਾਰ ਨੇ ਭਾਲ ਕਰਨ ਦੇ ਨਾਲ-ਨਾਲ ਪੁਲਸ ਨੂੰ ਸੂਚਨਾ ਦਿੱਤੀ ਤਾਂ ਮੁੱਢਲੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸਦੇ ਫੋਨ ਦੀ ਅੰਤਿਮ ਲੁਕੇਸ਼ਨ ਲੰਬੀ ਟਾਵਰ 'ਤੇ ਆਈ, ਜਿਸ ਤੋਂ ਬਾਅਦ ਪਰਵਾਰਕ ਮੈਂਬਰ ਉਸਦੀ ਭਾਲ ਕਰਨ ਲੰਬੀ ਗਏ ਤਾਂ ਇਕ ਵਿਅਕਤੀ ਨੇ ਉਹਨਾਂ ਨੂੰ ਦੱਸਿਆ ਕਿ ਇਕ ਵਿਅਕਤੀ ਅਤੇ ਇਕ ਬੱਚੀ ਲਾਲ ਰੰਗ ਦੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਹਿਰਾਂ ਵੱਲ ਜਾ ਰਹੇ ਸਨ।
ਇਸ ਪਿੱਛੋਂ ਪਰਵਾਰ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰਾਂ ਵਿੱਚੋਂ ਤਲਾਸ਼ ਆਰੰਭ ਕਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਮਿਲ ਗਿਆ, ਪਰ ਪਿਉ-ਧੀ ਬਾਰੇ ਹਾਲੇ ਕੁਝ ਪਤਾ ਨਹੀਂ ਲੱਗਾ।ਪਰਵਾਰ ਅਨੁਸਾਰ ਜਤਿੰਦਰਪਾਲ ਹਰ ਸਾਲ ਇਨ੍ਹਾਂ ਦਿਨਾਂ ਵਿਚ ਉਹ ਅਜਿਹੀ ਹਾਲਤ 'ਚ ਆ ਜਾਂਦਾ ਸੀ ਅਤੇ ਇਲਾਜ ਦੇ ਤੌਰ 'ਤੇ ਉਸਦੀ ਦਵਾਈ ਵੀ ਚੱਲ ਰਹੀ ਸੀ।ਉਧਰ ਥਾਣਾ ਲੰਬੀ ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਰਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਪਿਉ-ਧੀ ਦੀ ਭਾਲ ਕਰਨ ਲਈ ਨਹਿਰ ਵਿੱਚ ਭਾਲ ਕੀਤੀ ਗਈ ਸੀ, ਪਰ ਹਾਲੇ ਤੱਕ ਸਿਰਫ ਮੋਟਰਸਾਈਕਲ ਹੀ ਬਰਾਮਦ ਹੋਇਆ ਹੈ।