ਦੱਖਣੀ ਕਸ਼ਮੀਰ ਦੇ 29 ਪਿੰਡਾਂ 'ਚ ਫ਼ੌਜ ਵੱਲੋਂ ਤਲਾਸ਼ੀਆਂ ਮੁਕਾਬਲੇ 'ਚ ਇੱਕ ਅੱਤਵਾਦੀ ਹਲਾਕ


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਕਸ਼ਮੀਰ ਪਹੁੰਚਣ ਤੋਂ ਪਹਿਲਾਂ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆ ਅਤੇ ਕੁਲਗਾਮ 'ਚ ਲੱਗਭੱਗ ਦੋ, ਦਰਜਨ ਪਿੰਡਾਂ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਇਲਾਵਾ ਉੱਤਰੀ ਕਸ਼ਮੀਰ ਦੇ ਰੇਬਨ-ਸੋਪੋਰ 'ਚ ਇੱਕ ਮੁਕਾਬਲੇ 'ਚ ਇੱਕ ਅੱਤਵਾਦੀ ਨੂੰ ਵੀ ਮਾਰ ਸੁੱਟਿਆ। ਸੰਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਸੋਪੋਰ ਮੋਜਾਰੀ ਮੁਕਾਬਲੇ ਦੇ ਮੱਦੇਨਜ਼ਰ ਪੂਰੇ ਇਲਾਕੇ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋ ਤੋਂ ਤਿੰਨ ਅੱਤਵਾਦੀ ਆਪਣੇ ਇੱਕ ਸੰਪਰਕ ਸੂਤਰ ਕੋਲ ਬੀਤੀ ਰਾਤ ਆਏ ਸਨ। ਇਸ ਦਾ ਪਤਾ ਚਲਦੇ ਹੀ ਸਵੇਰੇ ਸੁਰੱਖਿਆ ਬਲਾਂ ਨੇ ਉਥੇ ਘੇਰਾਬੰਦੀ ਕਰਕੇ ਤਲਾਸ਼ੀ ਸ਼ੁਰੂ ਕੀਤੀ। ਜਵਾਨਾਂ ਨੂੰ ਆਪਣੇ ਟਿਕਾਣੇ ਵੱਲ ਆਉਂਦੇ ਵੇਖ ਅੱਤਵਾਦੀਆਂ ਨੇ ਫਾਇਰਿੰਗ ਕਰਦੇ ਹੋਏ ਭੱਜਣ ਦੀ ਅਸਫ਼ਲ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਹੋਏ ਮੁਕਾਬਲੇ 'ਚ ਇੱਕ ਅੱਤਵਾਦੀ ਮਾਰਿਆ ਗਿਆ। ਸ਼ਨੀਵਾਰ ਸਵੇਰੇ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ 'ਚ ਜ਼ਿਲ੍ਹਾ ਸ਼ੋਪੀਆਂ ਅਤੇ ਜ਼ਿਲ੍ਹਾ ਕੁਲਗਾਮ ਦੇ ਇੱਕ ਦੂਸਰੇ ਨਾਲ ਲੱਗੇ 29 ਪਿੰਡਾਂ 'ਚ ਅੱਤਵਾਦੀਆਂ ਦੀ ਫੜੋ-ਫੜੀ ਲਈ ਸਰਚ ਅਪ੍ਰੇਸ਼ਨ ਚਲਾਇਆ। ਅਭਿਆਨ ਤਹਿਤ ਸੰਬੰਧਤ ਪਿੰਡਾਂ 'ਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਨਾ ਅੰਦਰ ਆਉਣ ਦਿੱਤਾ ਜਾ ਰਿਹਾ, ਨਾ ਬਾਹਰ ਜਾਣ ਦਿੱਤਾ ਗਿਆ। ਗੌਰਤਲਬ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ਨੀਵਾਰ ਤੋਂ ਰਾਜ ਦੇ 4 ਰੋਜ਼ਾ ਦੌਰੇ 'ਤੇ ਹੈ। ਉਹ ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਦਾ ਵੀ ਦੌਰਾ ਕਰਨਗੇ।