ਮੈਕਸੀਕੋ ਭੁਚਾਲ 'ਚ ਮਰਨ ਵਾਲਿਆਂ ਦੀ ਗਿਣਤੀ 60 ਤੱਕ ਪੁੱਜੀ


ਮੈਕਸੀਕੋ ਸਿਟੀ
(ਨਵਾਂ ਜ਼ਮਾਨਾ ਸਰਵਿਸ)
ਮੈਕਸੀਕੋ ਦੇ ਦੱਖਣੀ ਤੱਟ 'ਤੇ ਆਏ ਭਿਆਨਕ ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਤੱਕ ਪੁੱਜ ਗਈ ਹੈ। ਭੁਚਾਲ ਕਾਰਨ ਸੈਂਕੜੇ ਇਮਾਰਤਾਂ ਢਹਿਢੇਰੀ ਹੋ ਗਈਆਂ। ਘਬਰਾਏ ਹੋਏ ਲੋਕ ਅੱਧੀ ਰਾਤ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਹੋ ਗਏ। ਦੇਸ਼ ਦਾ ਇੱਕ ਹਿੱਸਾ ਪਹਿਲਾਂ ਹੀ ਕਾਤੀਆ ਤੂਫ਼ਾਨ ਦਾ ਸਾਹਮਣਾ ਕਰ ਰਿਹਾ ਹੈ। ਮੈਕਸੀਕੋ ਸਿਵਲ ਡਿਫੈਂਸ ਏਜੰਸੀ ਦੇ ਮੁਖੀ ਨੇ ਦਸਿਆ ਹੈ ਕਿ 8.2 ਤੀਬਰਤਾ ਵਾਲੇ ਇਸ ਭੁਚਾਲ 'ਚ ਮਰਨ ਵਾਲਿਆਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਉਨ੍ਹਾ ਦਸਿਆ ਕਿ ਇਕੱਲੇ ਸੂਬੇ ਉਕਸਾਕਾ 'ਚ 45 ਵਿਅਕਤੀ ਮਾਰੇ ਗਏ ਹਨ ਅਤੇ 12 ਹੋਰ ਵਿਅਕਤੀ ਚਿਆਪਾਸ ਸੂਬੇ 'ਚ ਮਾਰੇ ਗਏ ਹਨ ਅਤੇ ਟਬੈਸਕੋ ਤੱਟ 'ਤੇ ਤਿੰਨ ਵਿਅਕਤੀ ਮਾਰੇ ਗਏ ਹਨ। ਭਾਰਤੀ ਸਮੇਂ ਮੁਤਾਬਕ ਇਹ ਭੁਚਾਲ ਸ਼ੁੱਕਰਵਾਰ ਦੀ ਰਾਤ ਨੂੰ 11 ਵੱਜ ਕੇ 49 ਮਿੰਟ 'ਤੇ ਆਇਆ।
ਭੁਚਾਲ ਦਾ ਕੇਂਦਰ ਬਿੰਦੂ ਦੱਖਣੀ ਚਿਆਪਾਸ 'ਚ ਤਾਪਾਚੁਲਾ ਤੋਂ 165 ਕਿਲੋਮੀਟਰ ਦੂਰ ਪੱਛਮ 'ਚ ਜ਼ਮੀਨ ਤੋਂ 69.7 ਕਿਲੋਮੀਟਰ ਹੇਠਾਂ ਸੀ। ਇਸ ਭਿਆਨਕ ਭੁਚਾਲ ਤੋਂ ਬਾਅਦ ਇਸ ਖੇਤਰ 'ਚ ਭੁਚਾਲ ਦੇ ਕਈ ਹੋਰ ਝਟਕੇ ਮਹਿਸੂਸ ਕੀਤੇ ਗਏ। ਮੈਕਸੀਕੋ 'ਚ 1985 'ਚ ਵੀ ਏਨੀ ਹੀ ਤੀਬਰਤਾ ਵਾਲਾ ਭੁਚਾਲ ਆਇਆਸੀ, ਜਿਸ 'ਚ 10000 ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਇਹ ਦੇਸ਼ ਸਭ ਤੋਂ ਵੱਧ ਤਬਾਹੀ ਮਚਾਉਣ ਭੁਚਾਲ ਸੀ।
ਭੁਚਾਲ ਏਨਾ ਸ਼ਕਤੀਸ਼ਾਲੀ ਸੀ ਕਿ ਉਸ ਨੇ ਆਪਣੇ ਕੇਂਦਰ ਬਿੰਦੂ ਤੋਂ 800 ਕਿਲੋਮੀਟਰ ਦੂਰ ਉੱਤਰ 'ਚ ਸਥਿਤ ਮੈਕਸੀਕੋ ਸਿਟੀ 'ਚ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ। ਟੀ ਵੀ ਨਿਊਜ਼ ਚੈਨਲਾਂ ਮੁਤਾਬਕ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ, ਕਿਉਂਕਿ ਅਜੇ ਬਹੁਤ ਸਾਰੇ ਲੋਕ ਇਮਾਰਤਾਂ ਦੇ ਮਲਬੇ ਹੇਠ ਦੱਬੇ ਹੋਏ ਹਨ।