Latest News

7 ਲੋਕ ਸਭਾ ਮੈਂਬਰਾਂ ਤੇ 98 ਵਿਧਾਇਕਾਂ ਦੀ ਜਾਇਦਾਦ ਜਾਂਚ ਦੇ ਦਾਇਰੇ 'ਚ : ਸੀ ਬੀ ਡੀ ਟੀ

Published on 11 Sep, 2017 11:38 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਮਦਨੀ ਤੋਂ ਵੱਧ ਜਾਇਦਾਦ ਦੇ ਸ਼ੱਕ 'ਚ ਲੋਕ ਸਭਾ ਦੇ 7 ਮੈਂਬਰਾਂ ਅਤੇ ਵੱਖ-ਵੱਖ ਸੂਬਿਆਂ ਦੇ 98 ਵਿਧਾਇਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀ ਬੀ ਡੀ ਟੀ) ਨੇ ਅੱਜ ਸੁਪਰੀਮ ਕੋਰਟ 'ਚ ਦਸਿਆ ਕਿ ਇਹਨਾਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਜਾਇਦਾਦ 'ਚ ਕਾਫ਼ੀ ਵਾਧਾ ਹੋਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਸੀ ਬੀ ਡੀ ਟੀ ਨੇ ਕਿਹਾ ਕਿ ਉਹ ਇਹਨਾਂ ਲੋਕ ਸਭਾ ਮੈਂਬਰਾਂ ਅਤੇ ਵਿਧਾਇਕਾਂ ਦੇ ਨਾਂਅ ਇੱਕ ਮੋਹਰਬੰਦ ਲਿਫ਼ਾਫ਼ੇ 'ਚ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਪੇਸ਼ ਕਰੇਗੀ। ਉਨ੍ਹਾ ਦਸਿਆ ਕਿ ਇਨਕਮ ਟੈਕਸ ਵਿਭਾਗ ਨੇ ਇਹਨਾ ਕਾਨੂੰਨ ਘਾੜਿਆਂ ਦੀਆਂ ਜਾਇਦਾਦਾਂ ਦੀ ਮੁਢਲੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਲੋਕ ਸਭਾ ਮੈਂਬਰਾਂ ਦੀ ਜਾਇਦਾਦ 'ਚ ਬਹੁਤ ਭਾਰੀ ਵਾਧਾ ਹੋਇਆ ਹੈ, ਜਦਕਿ ਵਿਧਾਇਕਾਂ ਦੀ ਜਾਇਦਾਦ 'ਚ ਵੀ ਕਾਫ਼ੀ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਲਖਨਊ ਦੇ ਇੱਕ ਗੈਰ ਸਰਕਾਰੀ ਸੰਗਠਨ 'ਲੋਕ ਪ੍ਰਹਿਰੀ' ਨੇ ਦੋਸ਼ ਲਾਇਆ ਸੀ ਕਿ ਲੋਕ ਸਭਾ ਦੇ 26 ਮੈਂਬਰਾਂ, ਰਾਜ ਸਭਾ ਦੇ 11 ਮੈਬਰਾਂ ਅਤੇ 257 ਵਿਧਾਇਕਾਂ ਦੇ ਚੋਣ ਹਲਫ਼ਨਾਮੇ ਦੇ ਮੱਦੇਨਜ਼ਰ ਉਨ੍ਹਾ ਦੀਆਂ ਜਾਇਦਾਦਾਂ 'ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਇਸ ਦੋਸ਼ ਮਗਰੋਂ ਇਨਕਮ ਟੈਕਸ ਵਿਭਾਗ ਨੇ ਇਸ ਮਾਮਲੇ ਦੀ ਮੁਢਲੀ ਜਾਂਚ ਕੀਤੀ।
ਸੀ ਬੀ ਡੀ ਟੀ ਨੇ ਅੱਜ ਸੁਪਰੀਮ ਕੋਰਟ ਨੂੰ ਇਹ ਵੀ ਦਸਿਆ ਕਿ ਲੋਕ ਸਭਾ ਦੇ 9, ਰਾਜ ਸਭਾ ਦੇ 11 ਅਤੇ 42 ਹੋਰ ਵਿਧਾਇਕਾਂ ਦੀਆਂ ਜਾਇਦਾਦਾਂ ਦੇ ਸ਼ੁਰੂਆਤੀ ਜਾਇਜ਼ੇ ਦਾ ਕੰਮ ਅਜੇ ਚੱਲ ਰਿਹਾ ਹੈ।

147 Views

e-Paper