ਸੈਕਸ ਦਾ ਆਦੀ ਹੈ ਰਾਮ ਰਹੀਮ; ਡਾਕਟਰਾਂ ਵੱਲੋਂ ਖੁਲਾਸਾ


ਰੋਹਤਕ/ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਡਾਕਟਰਾਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਰੋਹਤਕ ਜੇਲ੍ਹ 'ਚ ਗੁਰਮੀਤ ਰਾਮ ਰਹੀਮ ਦੀ ਜਾਂਚ ਕਰਨ ਆਈ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਉਹ ਸੈਕਸ ਦਾ ਆਦੀ ਹੈ, ਇਸੇ ਕਾਰਨ ਜੇਲ੍ਹ 'ਚ ਉਸ ਦੀ ਹਾਲਤ ਖ਼ਰਾਬ ਹੋ ਰਹੀ ਹੈ। ਉਹ ਲਗਾਤਾਰ ਬੇਚੈਨ ਰਹਿੰਦਾ ਹੈ ਅਤੇ ਉਸ ਨੂੰ ਨੀਂਦ ਨਹੀਂ ਆਉਂਦੀ, ਉਸ ਨੂੰ ਇਲਾਜ ਦੀ ਲੋੜ ਹੈ। ਜਾਂਚ ਟੀਮ ਦੇ ਮੈਂਬਰ ਇਕ ਡਾਕਟਰ ਦਾ ਕਹਿਣਾ ਹੈ ਕਿ ਡੇਰਾ ਮੁਖੀ ਸੈਕਸ ਦਾ ਆਦੀ ਹੈ ਅਤੇ ਡੇਰੇ ਤੋਂ ਜੇਲ੍ਹ ਆਉਣ ਮਗਰੋਂ ਉਸ ਨੂੰ ਸਰੀਰਕ ਸੁਖ ਨਹੀਂ ਮਿਲਿਆ, ਜਿਸ ਕਰਕੇ ਉਹ ਬੇਚੈਨ ਰਹਿੰਦਾ ਹੈ ਅਤੇ ਉਸ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ, ਜੇ ਉਸ ਦੇ ਇਲਾਜ 'ਚ ਦੇਰੀ ਕੀਤੀ ਗਈ ਤਾਂ ਉਸ ਦੀ ਸਮੱਸਿਆ ਹੋਰ ਵੱਡੀ ਹੋ ਸਕਦੀ ਹੈ। ਡਾਕਟਰਾਂ ਅਨੁਸਾਰ ਡੇਰਾ ਮੁਖੀ ਨੂੰ ਤੁਰੰਤ ਇਲਾਜ ਦੀ ਸਖ਼ਤ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਡੇਰੇ ਦੇ ਇੱਕ ਸਾਬਕਾ ਸੇਵਾਦਾਰ ਨੇ ਵੀ ਖੁਲਾਸਾ ਕੀਤਾ ਸੀ ਕਿ ਰਾਮ ਰਹੀਮ ਸੈਕਸ ਟਾਨਿਕ ਲੈਂਦਾ ਸੀ ਅਤੇ ਉਸ ਲਈ ਆਸਟਰੇਲੀ ਅਤੇ ਕਈ ਹੋਰ ਦੇਸ਼ਾਂ ਤੋਂ ਡੇਰਾ ਮੁਖੀ ਲਈ ਟਾਨਿਕ ਮੰਗਵਾਏ ਜਾਂਦੇ ਸਨ। ਕੁਝ ਲੋਕਾਂ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਕਿ ਡੇਰਾ ਮੁਖੀ ਡਰਗਜ਼ ਵੀ ਲੈਂਦਾ ਸੀ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਅਤੇ ਹਨੀਪ੍ਰੀਤ ਵਿਚਕਾਰ ਨਜਾਇਜ਼ ਸੰਬੰਧਾਂ ਦੀ ਚਰਚਾ ਜ਼ੋਰਾਂ 'ਤੇ ਹਨ। ਡੇਰਾ ਮੁਖੀ ਉਸ ਨੂੰ ਹਰ ਵੇਲੇ ਆਪਣੇ ਨਾਲ ਰੱਖਦਾ ਸੀ ਅਤੇ ਜੇਲ੍ਹ ਜਾਣ ਮਗਰੋਂ ਵੀ ਉਸ ਨੇ ਹਨੀਪ੍ਰੀਤ ਨੂੰ ਨਾਲ ਰੱਖਣ ਦੀ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ, ਪਰ ਉਸ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਹਨੀਪ੍ਰੀਤ ਅਜੇ ਵੀ ਪੁਲਸ ਦੀ ਪਹੁੰਚ ਤੋਂ ਦੂਰ ਹੈ। ਪੁਲਸ ਵੱਲੋਂ ਉਸ ਨੂੰ ਫੜਨ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ, ਪਰ ਅਜੇ ਤੱਕ ਉਸ ਦਾ ਸੁਰਾਗ ਨਹੀਂ ਮਿਲ ਸਕਿਆ।