ਚੰਡੀਗੜ੍ਹ ਛੇੜਛਾੜ ਮਾਮਲਾ; ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਰੱਦ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਆਈ. ਏ. ਐੈੱਸ. ਅਧਿਕਾਰੀ ਦੀ ਬੇਟੀ ਨਾਲ ਛੇੜਛਾੜ ਮਾਮਲੇ 'ਚ ਦੋਸ਼ੀ ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਫਿਰ ਤੋਂ ਰੱਦ ਕੀਤੀ ਗਈ ਹੈ।ਇਸ ਤੋਂ ਪਹਿਲਾਂ 29 ਅਗਸਤ ਨੂੰ ਵੀ ਕੋਰਟ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ।ਚੰਡੀਗੜ੍ਹ ਕੋਰਟ 'ਚ ਲੱਗਭਗ ਡੇਢ ਘੰਟੇ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ।ਜ਼ਿਕਰਯੋਗ ਹੈ ਕਿ 4 ਅਤੇ 5 ਅਗਸਤ 2017 ਦੀ ਰਾਤ ਨੂੰ ਲੱਗਭਗ 12 ਵਜੇ ਚੰਡੀਗੜ੍ਹ 'ਚ ਆਈ. ਏ. ਐੈੱਸ. ਅਧਿਕਾਰੀ ਵੀ. ਐੈੱਸ. ਕੁੰਡੂ ਦੀ ਬੇਟੀ ਵਰਣਿਕਾ ਕੁੰਡੂ ਆਪਣੀ ਕਾਰ 'ਚ ਜਾ ਰਹੀ ਸੀ।ਇਸ ਦੌਰਾਨ 2 ਲੜਕਿਆਂ ਨੇ ਆਪਣੀ ਕਾਰ ਨਾਲ ਉਸ ਦਾ ਪਿੱਛਾ ਕੀਤਾ।ਦੋਵਾਂ ਲੜਕਿਆਂ ਨੇ ਵਰਣਿਕਾ ਦੀ ਕਾਰ ਦੇ ਅੱਗੇ ਆਪਣੀ ਕਾਰ ਲਗਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸ਼ੀਸ਼ੇ 'ਤੇ ਹੱਥ ਮਾਰੇ।ਲੜਕੀ ਨੇ 100 ਨੰਬਰ 'ਤੇ ਕਾਲ ਕਰਕੇ ਪੁਲਸ ਨੂੰ ਬੁਲਾਇਆ।ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।ਗ੍ਰਿਫਤਾਰ ਕੀਤੇ ਗਏ ਦੋਵਾਂ ਦੋਸ਼ੀਆਂ 'ਚ ਇਕ ਹਰਿਆਣਾ ਭਾਜਪਾ ਅਧਿਕਾਰੀ ਸੁਭਾਸ਼ ਬਰਾਲਾ ਦਾ ਬੇਟਾ ਵਿਕਾਸ ਬਰਾਲਾ ਅਤੇ ਦੂਜਾ ਉਸ ਦਾ ਦੋਸਤ ਅਸ਼ੀਸ਼ ਸੀ।
ਪੁਲਸ ਨੇ ਉਸ ਰਾਤ ਮੌਕੇ ਬ੍ਰੀਥ ਐਨਲਾਈਜ਼ਰ ਨਾਲ ਜਾਂਚ ਕੀਤੀ ਤਾਂ ਦੋਵੇਂ ਸ਼ਰਾਬ ਦੇ ਨਸ਼ੇ 'ਚ ਟੱਲੀ ਸਨ।ਇਸ ਤੋਂ ਬਾਅਦ ਪੁਲਸ ਦੋਵਾਂ ਨੂੰ ਮੈਡੀਕਲ ਲਈ ਹਸਪਤਾਲ ਲੈ ਕੇ ਆਈ, ਪਰ ਦੋਵਾਂ ਨੇ ਬਲੱਡ ਅਤੇ ਯੂਨਿਟ ਸੈਂਪਲ ਦੇਣ ਤੋਂ ਮਨ੍ਹਾ ਕਰ ਦਿੱਤਾ।ਪੁਲਸ ਨੇ ਦੋਵਾਂ ਦੇ ਖਿਲਾਫ ਪਹਿਲਾਂ ਗੈਰ-ਜ਼ਮਾਨਤੀ ਧਾਰਾ ਲਗਾਈ, ਪਰ ਬਾਅਦ 'ਚ ਧਾਰਾ ਬਦਲ ਕੇ ਜ਼ਮਾਨਤ ਕਰ ਦਿੱਤੀ, ਜਿਸ ਨਾਲ ਦੋਵਾਂ ਨੂੰ ਜ਼ਮਾਨਤ ਮਿਲ ਗਈ।ਇਸ ਘਟਨਾ ਦਾ ਚੰਡੀਗੜ੍ਹ ਸਮੇਤ ਸਾਰੇ ਵੱਡੇ ਸ਼ਹਿਰਾਂ 'ਚ ਵਿਰੋਧ ਹੋਇਆ।ਸਰਕਾਰ 'ਤੇ ਨਿਰਪੱਖ ਕਾਰਵਾਈ ਨਹੀਂ ਹੋਣ ਦੇ ਦੋਸ਼ ਲੱਗੇ ਅਤੇ ਸੁਭਾਸ਼ ਬਰਾਲਾ 'ਤੇ ਆਪਣੇ ਬੇਟੇ ਨੂੰ ਬਚਾਉਣ ਦੇ ਦੋਸ਼ ਲੱਗੇ।
9 ਅਗਸਤ ਨੂੰ ਪੁਲਸ ਨੇ ਦੁਬਾਰਾ ਪੁੱਛਗਿਛ ਲਈ ਦੋਵਾਂ ਨੂੰ ਚੰਡੀਗੜ੍ਹ ਸਥਿਤ ਸੈਕਟਰ ਦੇ ਥਾਣੇ 'ਚ ਬੁਲਾਇਆ।ਪੁੱਛਗਿਛ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।ਇਸ ਤੋਂ ਬਾਅਦ ਪੁਲਸ ਨੇ ਦੋਵਾਂ ਦੇ ਖਿਲਾਫ ਅਗਵਾ ਕਰਨ ਦੀ ਕੋਸ਼ਿਸ਼ 'ਚ ਗੈਰ-ਜ਼ਮਾਨਤੀ ਧਾਰਾ ਲਗਾਈ। ਡੀ. ਜੀ. ਪੀ. ਤਜਿੰਦਰ ਲੁਥਰਾ ਨੇ ਪ੍ਰੈੱਸ ਕਾਰਫਰੰਸ 'ਚ ਕਿਹਾ ਸੀ ਕਿ ਪੁਲਸ 'ਤੇ ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਦਬਾਅ ਨਹੀਂ ਹੈ।ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਹੋ ਰਿਹਾ ਹੈ ਅਤੇ ਨਿਰਪੱਖ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਕਾਸ ਬਰਾਲਾ ਅਤੇ ਅਸ਼ੀਸ਼ ਦੇ ਖਿਲਾਫ ਅਗਵਾ ਕਰਨ ਦੀ ਕੋਸ਼ਿਸ਼ 'ਚ ਗੈਰ-ਜ਼ਮਾਨਤੀ ਧਾਰਾ 365 ਅਤੇ 511 ਲੱਗੀਆਂ ਹਨ। ਦੋਵਾਂ ਨੂੰ ਪੁੱਛਗਿਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। 10 ਅਗਸਤ ਨੂੰ ਦੋਵਾਂ ਨੂੰ ਕੋਰਟ 'ਚ ਪੇਸ਼ ਕੀਤਾ, ਜਿੱਥੇ ਦੋਵਾਂ ਨੂੰ ਅਦਾਲਤੀ ਹਿਰਾਸਤ ਤੋਂ ਬਾਅਦ ਜੇਲ੍ਹ ਭੇਜਿਆ ਗਿਆ।