'14 'ਚ ਕਾਂਗਰਸ ਨੂੰ ਹੰਕਾਰ ਦਾ ਖਮਿਆਜ਼ਾ ਭੁਗਤਣਾ ਪਿਆ : ਰਾਹੁਲ


ਬਰਕਲੇ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇ ਪਾਰਟੀ ਆਖੇਗੀ ਤਾਂ ਮੈਂ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ। ਉਨ੍ਹਾ ਕਿਹਾ ਕਿ ਸਾਡੀ ਪਾਰਟੀ 'ਚ ਲੋਕਤੰਤਰ ਹੈ ਅਤੇ ਜੇ ਪਾਰਟੀ ਆਖੇਗੀ ਤਾਂ ਮੈਂ ਇਹ ਜ਼ਿੰਮੇਵਾਰੀ ਲਵਾਂਗਾ। ਯੂਨੀਵਰਸਿਟੀ ਆਫ਼ ਕੈਲੀਫੋਰਨੀਆ 'ਚ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਭਾਰਤ ਦੇ ਇਤਿਹਾਸ, ਵਿਵਿਧਤਾ, ਗਰੀਬੀ, ਹਿੰਸਾ ਅਤੇ ਸਿਆਸਤ ਬਾਰੇ ਗੱਲਾਂ ਕੀਤੀਆਂ, 2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਬਾਰੇ ਪੁੱਛੇ ਜਾਣ 'ਤੇ ਉਨ੍ਹਾ ਕਿਹਾ ਕਿ 2012 ਦੁਆਲੇ ਕਾਂਗਰਸ ਪਾਰਟੀ ਹੰਕਾਰੀ ਹੋ ਗਈ ਸੀ। ਪਾਰਟੀ ਆਗੂਆਂ ਨੇ ਲੋਕਾਂ ਨਾਲ ਗੱਲ ਕਰਨੀ ਛੱਡ ਦਿੱਤੀ ਸੀ ਅਤੇ ਇਸੇ ਹੰਕਾਰ ਦਾ ਖਾਮਿਆਜ਼ਾ ਪਾਰਟੀ ਨੂੰ 2014 ਦੀਆਂ ਲੋਕ ਸਭਾ ਚੋਣਾਂ 'ਚ ਭੁਗਤਣਾ ਪਿਆ। ਉਨ੍ਹਾ ਕਿਹਾ ਕਿ ਜਿਹੜੇ ਲੋਕ ਸੋਚਦੇ ਸਨ ਕਿ ਭਾਰਤ ਕਦੇ ਅੱਗੇ ਨਹੀਂ ਵਧ ਸਕਦਾ, ਉਹ ਸਾਰੇ ਗਲਤ ਸਾਬਤ ਹੋਏ ਹਨ ਅਤੇ ਭਾਰਤ ਨੇ ਹਰ ਖੇਤਰ 'ਚ ਤਰੱਕੀ ਕੀਤੀ ਹੈ। ਉਨ੍ਹਾ ਕਿਹਾ ਕਿ ਦੇਸ਼ 'ਚ ਅੱਜ ਨਫ਼ਰਤ ਅਤੇ ਹਿੰਸਾ ਦਾ ਬੋਲਬਾਲਾ ਹੈ, ਪਰ ਹਿੰਸਾ ਨਾਲ ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮੈਂ ਆਪਣੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਨੂੰ ਹਿੰਸਾ 'ਚ ਗੁਆਇਆ, ਇਸ ਲਈ ਹਿੰਸਾ ਦਾ ਦਰਦ ਮੇਰੇ ਤੋਂ ਵੱਧ ਕੌਣ ਸਮਝ ਸਕਦਾ ਹੈ।
ਰਾਹੁਲ ਨੇ ਕਿਹਾ ਕਿ ਭਾਰਤ 'ਚ ਹਮੇਸ਼ਾ ਹਿੰਸਾ ਦੇ ਵਿਚਾਰ ਨੂੰ ਅੱਗੇ ਰੱਖਿਆ ਜਾਂਦਾ ਹੈ। ਜਦੋਂ ਰਾਜੀਵ ਗਾਂਧੀ ਨੇ ਕੰਪਿਊਟਰ ਬਾਰੇ ਗੱਲ ਕੀਤੀ ਤਾਂ ਉਨ੍ਹਾ ਦਾ ਵਿਰੋਧ ਕੀਤਾ ਗਿਆ। ਉਨ੍ਹਾ ਕਿਹਾ ਕਿ ਭਾਰਤ ਨੇ ਸਭ ਤੋਂ ਵਧ ਗਰੀਬ ਲੋਕਾਂ ਨੂੰ ਗਰੀਬੀ ਰੇਖਾ 'ਚੋਂ ਕੱਢਿਆ ਅਤੇ ਇਹ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ।
ਕਾਂਗਰਸ ਆਗੂ ਨੇ ਕਿਹਾ ਕਿ ਭਾਰਤ 'ਚ ਅਜੇ ਰੁਜ਼ਗਾਰ ਪੈਦਾ ਕਰਨ ਦੀ ਲੋੜ ਹੈ, ਪਰ ਅਸੀਂ ਚੀਨ ਦੀਆਂ ਨੀਤੀਆਂ 'ਤੇ ਚੱਲ ਕੇ ਨੌਕਰੀਆਂ ਪੈਦਾ ਨਹੀਂ ਕਰ ਸਕਦੇ ਅਤੇ ਸਾਨੂੰ ਇਹ ਸਭ ਕੁਝ ਲੋਕਤੰਤਰੀ ਤਰੀਕੇ ਨਾਲ ਕਰਨਾ ਪਵੇਗਾ। ਭਾਰਤ 'ਚ ਛੋਟੇ ਕਾਰੋਬਾਰ ਹੀ ਰੁਜ਼ਗਾਰ ਦਾ ਸਾਧਨ ਹਨ।