ਦੇਸ਼ 'ਚ ਹਮਾਇਤ ਨਾ ਮਿਲਣ ਕਾਰਨ ਰਾਹੁਲ ਵਿਦੇਸ਼ 'ਚ ਪ੍ਰਗਟਾ ਰਹੇ ਹਨ ਪੀੜਾ : ਇਰਾਨੀ


ਰਾਹੁਲ ਗਾਂਧੀ ਦੇ ਬਿਆਨ 'ਤੇ ਜੁਆਬੀ ਹਮਲਾ ਕਰਦਿਆਂ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ 'ਤੇ ਕਟਾਕਸ਼ ਰਾਹੁਲ ਗਾਂਧੀ ਲਈ ਕੋਈ ਨਵੀਂ ਗੱਲ ਨਹੀਂ, ਪਰ ਇਹ ਵੀ ਆਪਣੇ ਆਪ 'ਚ ਉਨ੍ਹਾਂ ਦੀ ਨਾਕਾਮ ਰਣਨੀਤੀ ਦਾ ਪ੍ਰਤੀਕ ਹੈ। ਉਨ੍ਹਾ ਕਿਹਾ ਕਿ ਰਾਹੁਲ ਦੀ ਪਾਰਟੀ ਨੂੰ ਦੇਸ਼ ਅੰਦਰ ਲੋਕਾਂ ਦੀ ਹਮਾਇਤ ਪ੍ਰਾਪਤ ਨਾ ਹੋਣ ਕਾਰਨ ਉਹ ਕੌਮਾਂਤਰੀ ਪੱਧਰ 'ਤੇ ਆਪਣੀ ਪੀੜ੍ਹਾ ਪ੍ਰਗਟ ਕਰ ਰਹੇ ਹਨ। ਉਨ੍ਹਾ ਕਿਹਾ ਕਿ ਰਾਹੁਲ ਨੇ ਇਹ ਕਹਿ ਕੇ ਕਿ ਕਾਂਗਰਸ ਹੰਕਾਰੀ ਹੋ ਗਈ ਸੀ, ਆਪਣੀ ਮਾਤਾ ਸੋਨੀਆ ਗਾਂਧੀ 'ਤੇ ਹੀ ਸੁਆਲ ਕੀਤੇ ਹਨ।
ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਹੁਣ ਕੌਮਾਂਤਰੀ ਪੱਧਰ 'ਤੇ ਦੇਸ਼ ਦਾ ਹਾਲ ਬਿਆਨ ਕਰ ਰਹੇ ਹਨ, ਪਰ ਉਹ ਭੁੱਲ ਗਏ ਹਨ ਕਿ ਵੋਟਰ ਤਾਂ ਭਾਰਤੀ ਹੀ ਹਨ। ਰਾਹੁਲ ਦੇ ਜੀ ਐਸ ਟੀ ਅਤੇ ਨੋਟਬੰਦੀ ਬਾਰੇ ਸੁਆਲ ਦੇ ਜੁਆਬ 'ਚ ਇਰਾਨੀ ਨੇ ਕਿਹਾ ਕਿ ਕਾਂਗਰਸ ਰਾਜ ਵੇਲੇ ਜੀ ਐਸ ਟੀ ਦੀ ਨਾਕਾਮੀ ਇਸ ਗੱਲ ਦਾ ਸੰਕੇਤ ਸੀ ਕਿ ਕਾਂਗਰਸ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਭਰੋਸੇ 'ਚ ਨਹੀਂ ਲਿਆ ਅਤੇ ਨਾ ਹੀ ਉਹ ਸੂਬਿਆਂ ਦਾ ਭਰੋਸਾ ਜਿੱਤ ਸਕੀ। ਉਨ੍ਹਾ ਕਿਹਾ ਕਿ ਜੇ ਰਾਹੁਲ ਗਾਂਧੀ ਖੁਦ ਸੁਨਣ ਦੇ ਆਦੀ ਹੁੰਦੇ ਤਾਂ ਜੀ ਐਸ ਟੀ ਯੂ ਪੀ ਏ ਸਰਕਾਰ ਦੌਰਾਨ ਹੀ ਲਾਗੂ ਹੋ ਜਾਂਦਾ।