ਦੇਸ਼ ਅੱਤ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹੈ : ਡਾ. ਦਿਆਲ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਉੱਘੀ ਪੱਤਰਕਾਰ ਅਤੇ ਸਮਾਜਸੇਵੀ ਕਾਰਕੁਨ ਗੌਰੀ ਲੰਕੇਸ਼ ਦੇ ਕਤਲ ਉਤੇ ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਵਿਚ ਹੋਈ ਸ਼ੋਕ ਅਤੇ ਰੋਸ ਮੀਟਿੰਗ ਵਿਚ ਸੱਦਾ ਦਿਤਾ ਗਿਆ ਕਿ ਖੱਬਾ ਜਮਹੂਰੀ ਅਤੇ ਧਰਮ-ਨਿਰਪੱਖ ਮੰਚ ਉਸਾਰਿਆ ਜਾਵੇ। ਮੀਟਿੰਗ ਨੂੰ ਸੀ ਪੀ ਆਈ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ, ਸ੍ਰੀ ਸੁਖਪਾਲ ਖਹਿਰਾ ਅਪੋਜ਼ੀਸ਼ਨ ਆਗੂ, ਪੰਜਾਬ ਵਿਧਾਨ ਸਭਾ ਜੋਗਿੰਦਰ ਸਿੰਘ ਤੂਰ ਅਤੇ ਹੋਰਨਾਂ ਨੇ ਮੁਖਾਤਬ ਕੀਤਾ, ਜਿਸ ਦੀ ਪ੍ਰਧਾਨਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਸ੍ਰੀ ਹਰਬੰਸ ਸਿੰਘ ਸਿੱਧੂ, ਡਾਕਟਰ ਚਮਨ ਲਾਲ ਅਤੇ ਨਾਮਵਰ ਪੰਜਾਬੀ ਸ਼ਾਇਰ ਡਾਕਟਰ ਸੁਰਿੰਦਰ ਗਿੱਲ 'ਤੇ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਬੁਲਾਰਿਆਂ ਨੇ ਜ਼ੋਰ ਦਿਤਾ ਕਿ ਹਿੰਦੂ ਮੂਲਵਾਦੀਆਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਇਤਿਹਾਸਕ ਤਕਾਜ਼ਾ ਹੈ ਕਿ ਉਹਨਾਂ ਸਾਰੀਆਂ ਤਾਕਤਾਂ ਦਾ ਸਾਂਝਾ ਮੰਚ ਤਿਆਰ ਕੀਤਾ ਜਾਵੇ, ਜਿਹੜੀਆਂ ਧਰਮ-ਨਿਰਪੱਖਤਾ, ਜਮਹੂਰੀਅਤ, ਵਿਚਾਰਾਂ ਦੀ ਆਜ਼ਾਦੀ, ਵਿਅਕਤੀਗਤ ਸੁਤੰਤਰਤਾ, ਜੋ ਸਾਡੇ ਸੰਵਿਧਾਨ ਵਿਚ ਚਿਤਵੀਆਂ ਗਈਆਂ ਹਨ, ਵਿਚ ਵਿਸ਼ਵਾਸ ਰਖਦੀਆਂ ਹਨ।
ਗੰਭੀਰ ਚਰਚਾ ਅਤੇ ਰੋਸ ਦਾ ਆਰੰਭ ਕਰਦਿਆਂ ਡਾ. ਦਿਆਲ ਨੇ ਕਿਹਾ ਕਿ ਦੇਸ਼ ਅੱਜ ਅਤਿ ਨਾਜ਼ੁਕ ਸਮੇਂ ਵਿਚੋਂ ਗੁਜ਼ਰ ਰਿਹਾ ਹੈ, ਜਿਸ ਵਿਚ ਫਿਰਕਾਪ੍ਰਸਤੀ, ਹਿੰਦੂਤਵ ਅਤੇ ਅਸਹਿਣਸ਼ੀਲਤਾ ਦੀਆਂ ਕਾਲੀਆਂ ਤਾਕਤਾਂ ਸਾਡੇ ਆਜ਼ਾਦੀ ਘੋਲ ਦੇ ਵਿਰਸੇ ਨੂੰ ਅਤੇ ਸਾਡੇ ਧਰਮ-ਨਿਰਪੱਖਤਾ ਅਤੇ ਜਮਹੂਰੀਅਤ ਦੇ ਪਵਿੱਤਰ ਤੱਤਾਂ ਨੂੰ ਹੀ ਵੰਗਾਰ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡਾ ਦੇਸ਼ ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਾਰਕ ਹੈ ਅਤੇ ਇਸ ਦੀ ਏਕਤਾ ਇਸ ਦੀ ਅਨੇਕਤਾ ਅਤੇ ਵਿਭਿੰਨਤਾ ਵਿਚ ਹੀ ਹੈ ਅਤੇ ਇਹਨਾਂ ਵਿਚੋਂ ਕਿਸੇ ਇਕ ਨੂੰ ਵੀ ਨੁਕਸਾਨ ਪਹੁੰਚਾਉਣ ਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ।
ਸ੍ਰੀ ਸੁਖਪਾਲ ਖਹਿਰਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਅਤੇ ਘੱਟਗਿਣਤੀਆਂ ਵਿਚ ਦਹਿਸ਼ਤ ਫੈਲਾਉਣ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੇਸ਼ ਦੇ ਲੋਕਾਂ ਦੀ ਅੱਗੇ ਵੱਲ ਸਾਂਝੀ ਪੇਸ਼ਕਦਮੀ ਨੂੰ ਕੋਈ ਰੋਕ ਨਹੀਂ ਸਕੇਗਾ।
ਸ੍ਰੀ ਚਮਨ ਲਾਲ ਅਤੇ ਸੈਨੇਟਰ ਪੰਜਾਬ ਯੂਨੀਵਰਸਿਟੀ ਨੇ ਸੰਘ ਪਰਵਾਰ ਦੇ ਸੱਤਾ ਵਿਚ ਆਉਣ ਮਗਰੋਂ ਜਿਵੇਂ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਕਤਲਾਂ ਰਾਹੀ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਦਾ ਸੰਖੇਪ ਇਤਿਹਾਸ ਪੇਸ਼ ਕੀਤਾ, ਜਿਸ ਵਿਚ ਨਰਿੰਦਰ ਦਬੋਲਕਰ, ਕਲਬੁਰਗੀ, ਗੋਵਿੰਦ ਪਨਸਾਰੇ ਅਤੇ ਹੁਣ ਗੌਰੀ ਲੰਕੇਸ਼ ਦਾ ਕਤਲ ਕੀਤਾ ਗਿਆ ਹੈ। ਉਹਨ ਕਿਹਾ ਕਿ ਦੇਸ਼ ਅਸਲ ਵਿਚ ਹਿੰਦੂ ਰਾਸ਼ਟਰ ਬਣ ਗਿਆ ਹੈ। ਉਹਨਾਂ ਨੇ ਇਹਨਾਂ ਵਿਦਵਾਨਾਂ ਨੂੰ ਵਿਚਾਰਾਂ ਦੀ ਆਜ਼ਾਦੀ ਦੇ ਸ਼ਹੀਦ ਕਿਹਾ, ਜਿਹਨਾਂ ਦੀ ਲੜੀ ਹਜ਼ਾਰਾਂ ਸਾਲ ਪਿੱਛੇ ਸੁਕਰਾਤ ਤੱਕ ਜਾਂਦੀ ਹੈ, ਜਿਸ ਨੇ ਸੱਤਾ ਅੱਗੇ ਝੁਕਣ ਦੀ ਬਜਾਏ ਸੱਚ ਬੋਲਦੇ ਰਹਿਣ ਖਾਤਰ ਜ਼ਹਿਰ ਦਾ ਪਿਆਲਾ ਪੀਣ ਨੂੰ ਤਰਜੀਹ ਦਿਤੀ ਸੀ। ਡਾ. ਚਮਨ ਲਾਲ, ਜਿਹਨਾਂ ਖੁਦ ਐਮਰਜੰਸੀ ਵਿਚ ਜੇਲ੍ਹ ਕੱਟੀ ਸੀ, ਨੇ ਐਮਰਜੰਸੀ ਅਤੇ ਅਜੋਕੀ ਹਾਲਤ ਵਿਚ ਫਰਕ ਕਰਦਿਆਂ ਕਿਹਾ ਕਿ ਅਜੋਕੀ ਪ੍ਰਸਥਿਤੀ ਐਮਰਜੰਸੀ ਨਾਲੋਂ ਕਿਤੇ ਵਧੇਰੇ ਗੰਭੀਰ ਅਤੇ ਖਤਰਨਾਕ ਹੈ।
ਮੀਟਿੰਗ ਨੇ ਐਪਸੋ ਦੇ ਜਨਰਲ ਸਕੱਤਰ ਸ੍ਰੀ ਆਰ.ਐਲ. ਮੋਦਗਿੱਲ ਵਲੋਂ ਪੇਸ਼ ਕੀਤਾ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ, ਜਿਸ ਵਿਚ ਜ਼ੋਰ ਦਿਤਾ ਗਿਆ ਸੀ ਕਿ ਸਮੇਂ ਦਾ ਤਕਾਜ਼ਾ ਹੈ ਕਿ ਸਾਰੀਆਂ ਧਰਮ-ਨਿਰਪੱਖ ਅਤੇ ਖੱਬੀਆਂ ਤਾਕਤਾਂ ਇੱਕਠੀਆਂ ਹੋਣ ਅਤੇ ਦੇਸ਼ ਦੁਸ਼ਮਣ ਤਾਕਤਾਂ ਨੂੰ ਹਰਾਉਣ। ਮਤੇ ਨੇ ਕਿਹਾ ਕਿ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਚਿੰਤਤ ਨਾਗਰਿਕਾਂ ਦੀ ਮੀਟਿੰਗ ਉੱਚ ਪਾਏ ਦੀ ਪੱਤਰਕਾਰ ਗੌਰੀ ਲੰਕੇਸ਼ ਦੇ ਸੱਜ ਪਿਛਾਖੜੀ ਮੂਲਵਾਦੀ ਤਾਕਤਾਂ ਵਲੋਂ ਕਤਲ ਉਤੇ ਸਦਮਾ ਅਤੇ ਦੁੱਖ ਪ੍ਰਗਟ ਕਰਦੀ ਹੈ। ਇਸ ਨੇ ਸੰਕਲਪ ਕੀਤਾ ਕਿ ਹਿੰਦੂ ਮੂਲਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਅਤੇ ਘੱਟ ਗਿਣਤੀਆਂ, ਦਲਿਤਾਂ ਅਤੇ ਇਸਤਰੀਆਂ ਦੇ ਹੱਕ ਵਿਚ ਖੜੇ ਹੋਣ ਲਈ ਸਾਰੀਆਂ ਖੱਬੀਆਂ, ਜਮਹੂਰੀ ਅਤੇ ਧਰਮ-ਨਿਰਪੱਖ ਜਥੇਬੰਦੀਆਂ ਅਤੇ ਵਿਅਕਤੀਆਂ ਨੂੰ ਇਕ ਮੰਚ ਉਤੇ ਲਿਆਉਣ ਲਈ ਕੰਮ ਕੀਤਾ ਜਾਵੇਗਾ ਅਤੇ ਲੇਖਕਾਂ, ਪੱਤਰਕਾਰਾਂ, ਅਧਿਆਪਕਾਂ, ਵਕੀਲਾਂ, ਸਮਾਜ-ਸੇਵੀਆਂ ਵਿਚ ਜ਼ੋਰਦਾਰ ਮੁਹਿੰਮ ਚਲਾਵੇਗੀ।
ਸ੍ਰੀ ਹਰਬੰਸ ਸਿੱਧੂ ਨੇ ਸੱਭ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਮੀਟਿੰਗ ਦਾ ਸੰਚਾਲਨ ਪ੍ਰਸਿੱਧ ਪੱਤਰਕਾਰ ਬਲਬੀਰ ਜੰਡੂ ਨੇ ਬਾਖੂਬੀ ਕੀਤਾ ਅਤੇ ਨਾਲ-ਨਾਲ ਮਹੱਤਵਪੂਰਨ ਜਾਣਕਾਰੀ ਮੁਹੱਈਆ ਕੀਤੀ।
ਮੀਟਿੰਗ ਨੂੰ ਮੁਖਾਤਬ ਕਰਨ ਵਾਲੇ ਹੋਰ ਬੁਲਾਰਿਆਂ ਵਿਚ ਸ਼ਾਮਲ ਸਨ, ਉੱਘੇ ਟਰੇਡ ਯੂਨੀਅਨ ਆਗੂ ਕਾ. ਸੱਜਣ ਸਿੰਘ, ਦੀਪਕ ਸ਼ਰਮਾ ਚਨਾਰਥਲ, ਯਸ਼ਪਾਲ, ਇੰਦਰ, ਡਾ. ਸੁਰਿੰਦਰ ਗਿੱਲ, ਰਾਮ ਮੂਰਤੀ, ਰਾਜੀਵ ਗੋਦਾਰਾ, ਕਸ਼ਮੀਰ ਕੌਰ ਸੰਧੂ, ਅਤੇ ਮੀਟਿੰਗ ਵਿਚ ਹਾਜ਼ਰ ਸਾਥੀਆਂ ਵਿਚ ਸ਼ਾਮਲ ਸਨ, ਡਾ. ਰਾਬਿੰਦਰਨਾਥ ਸ਼ਰਮਾ, ਅਮੀਰ ਸੁਲਤਾਨਾ, ਜੋਗਿੰਦਰ ਸ਼ਰਮਾ, ਗੁਰਨਾਮ ਕੰਵਰ, ਜੀ.ਐਸ. ਬਰਾੜ, ਏ.ਐਸ.ਪਾਲ, ਹਰਚੰਦ ਬਾਠ, ਜਸਪਾਲ ਦੱਪਰ, ਅਤੇ ਦਰਜਨਾਂ ਹੋਰ।