ਪਾਕਿਸਤਾਨ ਦੀ ਘੁਰਕੀ; ਫ਼ੌਜੀ ਸਹਾਇਤਾ 'ਚ ਕਟੌਤੀ ਦਾ ਫ਼ੈਸਲਾ ਪੁੱਠਾ ਪੈ ਸਕਦੈ ਅਮਰੀਕਾ ਨੂੰ : ਅੱਬਾਸੀ


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਵੱਲੋਂ ਅੱਤਵਾਦ ਦੀ ਮਦਦ ਦੇ ਦੋਸ਼ੀ ਮਗਰੋਂ ਆਰਥਿਕ ਸਹਾਇਤਾ 'ਚ ਸ਼ਰਤਾਂ ਲਾਗੂ ਕਰਨ 'ਤੇ ਪਾਕਿਸਤਾਨ ਔਖਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਨ ਅੱਬਾਸੀ ਨੇ ਧਮਕੀ ਭਰੀ ਭਾਸ਼ਾ 'ਚ ਕਿਹਾ ਹੈ ਕਿ ਪਾਕਿਸਤਾਨੀ ਅਧਿਕਾਰੀਆਂ 'ਤੇ ਰੋਕ ਲਾਉਣਾ ਜਾਂ ਫ਼ੌਜੀ ਸਹਾਇਤਾ 'ਚ ਕਟੌਤੀ ਕਰਨਾ ਅਮਰੀਕਾ ਲਈ ਪੁੱਠਾ ਪੈ ਸਕਦਾ ਹੈ। ਉਨ੍ਹਾ ਚਿਤਾਵਨੀ ਦਿੱਤੀ ਕਿ ਇਸ ਨਾਲ ਦੋਹਾਂ ਦੇਸ਼ਾਂ ਦੀ ਅੱਤਵਾਦ ਖ਼ਿਲਾਫ਼ ਜਾਰੀ ਲੜਾਈ 'ਤੇ ਵੀ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਅਫ਼ਗਾਨਿਸਤਾਨ ਬਾਰੇ ਅਮਰੀਕਾ ਦੀ ਨਵੀਂ ਰਣਨੀਤੀ ਦੇ ਐਲਾਨ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਦੀ ਝਾੜ-ਝੰਬ ਕੀਤੀ ਸੀ, ਜਿਸ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਤਣਾਅ ਹੈ। ਅੱਜ ਅੱਬਾਸੀ ਨੇ ਕਿਹਾ ਕਿ ਅਸੀਂ ਅੱਤਵਾਦ ਵਿਰੁੱਧ ਜੰਗ ਲੜ ਰਹੇ ਹਾਂ ਅਤੇ ਜੇ ਸਾਡੇ ਯਤਨਾਂ ਨੂੰ ਨੁਕਸਾਨ ਪੁੱਜਾ ਤਾਂ ਇਸ ਨਾਲ ਅਮਰੀਕੀ ਕੋਸ਼ਿਸ਼ਾਂ ਨੂੰ ਨੁਕਸਾਨ ਹੋਵੇਗਾ।
ਅਮਰੀਕਾ ਨੇ ਪਿਛਲੇ ਸਾਲ ਪਾਕਿਸਤਾਨ ਨੂੰ 1 ਅਰਬ ਡਾਲਰ ਤੋਂ ਵੀ ਘੱਟ ਫ਼ੌਜੀ ਸਹਾਇਤਾ ਦਿੱਤੀ ਹੈ, ਜਦਕਿ 2011 'ਚ ਇਹ ਰਕਮ 3.5 ਅਰਬ ਡਾਲਰ ਸੀ। ਅੱਬਾਸੀ ਨੇ ਅਮਰੀਕਾ ਨੂੰ ਖ਼ਬਰਦਾਰ ਕੀਤਾ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ 'ਚ ਕਟੌਤੀ ਕਰਕੇ ਅਮਰੀਕਾ ਕਦੇ ਵੀ ਆਪਣੇ ਅੱਤਵਾਦ ਵਿਰੁੱਧ ਟੀਚੇ ਨੂੰ ਹਾਸਲ ਨਹੀਂ ਕਰ ਸਕਦਾ। ਉਨ੍ਹਾ ਕਿਹਾ ਕਿ ਫ਼ੌਜੀ ਸਹਾਇਤ 'ਚ ਕਟੌਤੀ ਦੀ ਬਜਾਏ ਸਹਿਯੋਗ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਮਰੀਕੀ ਸਖ਼ਤੀ ਮਗਰੋਂ ਪਾਕਿਸਤਾਨ ਦਾ ਚੀਨ ਪ੍ਰਤੀ ਝੁਕਾਅ ਪਹਿਲਾਂ ਤੋਂ ਵੀ ਜ਼ਿਆਦਾ ਵਧ ਗਿਆ ਹੈ ਅਤੇ ਅੱਬਾਸੀ ਦੇ ਬਿਆਨ ਨਾਲ ਇਸ ਦੀ ਪੁਸ਼ਟੀ ਹੋ ਗਈ ਹੈ। ਅੱਬਾਸੀ ਨੇ ਕਿਹਾ ਕਿ ਚੀਨ ਨਾਲ ਸਾਡਾ ਵੱਡਾ ਆਰਥਿਕ ਸਹਿਯੋਗ ਹੈ। 1960 ਤੋਂ ਸਾਡੇ ਫ਼ੌਜੀ ਸੰਬੰਧ ਹਨ। ਉਨ੍ਹਾ ਕਿਹਾ ਕਿ ਅਫ਼ਗਾਨਿਸਤਾਨ ਦੀ ਹਰੇਕ ਪ੍ਰੇਸ਼ਾਨੀ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ ਸਗੋਂ ਅਮਰੀਕਾ ਨੂੰ ਪਾਕਿਸਤਾਨ ਦੇ ਨੁਕਸਾਨ ਅਤੇ 35 ਲੱਖ ਅਫ਼ਗਾਨ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਸਾਡੀ ਸਿਫ਼ਤ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਅਫ਼ਗਾਨਿਸਤਾਨ 'ਚ ਪੈਦਾ ਹੋ ਰਹੇ ਅੱਤਵਾਦੀ ਪਾਕਿਸਤਾਨ 'ਤੇ ਹਮਲੇ ਕਰ ਰਹੇ ਹਨ, ਜਿਸ ਕਾਰਨ ਸਾਨੂੰ ਸਰਹੱਦ 'ਤੇ ਵਾੜ ਲਾਉਣ ਲਈ ਅਰਬਾਂ ਡਾਲਰ ਖ਼ਰਚ ਕਰਨੇ ਪੈ ਰਹੇ ਹਨ ਅਤੇ ਹਾਲਾਤ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਲਈ ਸਾਨੂੰ ਪੂਰੀ ਸੀਮਾ 'ਤੇ ਵਾੜ ਲਾਉਣ ਦੀ ਜ਼ਰੂਰਤ ਹੈ।