ਜੱਜ ਪੇਪਰ ਲੀਕ ਮਾਮਲੇ 'ਚ ਰਜਿਸਟਰਾਰ ਰਿਕਰੂਟਮੈਂਟ ਤੇ ਸੁਨੀਤਾ ਵਿਚਾਲੇ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਐੱਚ ਸੀ ਐੱਸ (ਜੁਡੀਸ਼ੀਅਲ) ਦੀਆਂ 109 ਅਸਾਮੀਆਂ ਲਈ ਕਰਵਾਈ ਗਈ ਮੁੱਢਲੀ ਪ੍ਰੀਖਿਆ ਪ੍ਰਕਿਰਿਆ ਦੌਰਾਨ ਮੁੱਢਲੀ ਪ੍ਰੀਖਿਆ ਵਿੱਚ ਹੀ ਪੇਪਰ ਲੀਕ ਹੋਣ ਦੀ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਫੁੱਲ ਬੈਂਚ ਵੱਲੋਂ ਬੁੱਧਵਾਰ ਨੂੰ ਜਾਰੀ ਅੰਤਰਿਮ ਹੁਕਮ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਮਾਮਲੇ ਵਿੱਚ ਕੀਤੀ ਗਈ ਜਾਂਚ ਦੀ ਰਿਪੋਰਟ ਫੁੱਲ ਬੈਂਚ ਵੱਲੋਂ ਖੋਲ੍ਹੀ ਗਈ, ਜਿਸ ਵਿੱਚ ਪਤਾ ਲੱਗਾ ਕਿ ਰਿਕਰੂਟਮੈਂਟ ਕਮੇਟੀ ਨੇ ਮੁੱਢਲੇ ਤੌਰ 'ਤੇ ਇਹ ਮੰਨਿਆ ਹੈ ਕਿ 16 ਅਗਸਤ ਨੂੰ ਹੋਈ ਮੁੱਢਲੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਕੁਝ ਉਮੀਦਵਾਰਾਂ ਕੋਲ ਸੀ ਤੇ ਇਹ ਹੋਰ ਕੋਈ ਉਮੀਦਵਾਰਾਂ ਕੋਲ ਵੀ ਹੋ ਸਕਦਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਾਂਚ ਦੌਰਾਨ ਰਜਿਸਟਰਾਰ ਰਿਕਰੂਟਮੈਂਟ ਬਲਵਿੰਦਰ ਕੁਮਾਰ ਸ਼ਰਮਾ ਨੇ ਕਥਿਤ ਦੋਸ਼ੀ ਸੁਨੀਤਾ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਹੋਣ ਤੋਂ ਇਨਕਾਰ ਕੀਤਾ, ਪਰ ਟੈਲੀਫ਼ੋਨ ਕੰਪਨੀਆਂ ਕੋਲ ਪ੍ਰਾਪਤ ਮੋਬਾਈਲ ਫ਼ੋਨ ਦੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਪਿਛਲੇ ਇੱਕ ਸਾਲ ਦੌਰਾਨ ਬਲਵਿੰਦਰ ਸ਼ਰਮਾ ਅਤੇ ਸੁਨੀਤਾ ਵਿਚਕਾਰ 760 ਕਾਲਾਂ ਹੋਈਆਂ ਅਤੇ ਐੱਸ ਐੱਮ ਐੱਸ ਵੀ ਕੀਤੇ ਗਏ।
ਇਸ ਨੂੰ ਗੰਭੀਰ ਮੰਨਦਿਆਂ ਰਿਕਰੂਟਮੈਂਟ ਕਮੇਟੀ ਨੇ ਮੁੱਢਲੀ ਪ੍ਰੀਖਿਆ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ ਤੇ ਨਾਲ ਹੀ ਬਲਵਿੰਦਰ ਕੁਮਾਰ ਵਿਰੁੱਧ ਮੁੱਢਲੀ ਜਾਂਚ ਵਿੱਚ ਅਜਿਹੇ ਤੱਥ ਆਉਣ ਕਾਰਨ ਇਸ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੇ ਜਾਣ ਅਤੇ ਬਲਵਿੰਦਰ ਕੁਮਾਰ ਨੂੰ ਤੁਰੰਤ ਬਦਲਣ ਅਤੇ ਮਾਮਲੇ ਵਿੱਚ ਬਲਵਿੰਦਰ ਕੁਮਾਰ, ਸੁਸ਼ੀਲਾ ਤੇ ਸੁਨੀਤਾ ਵਿਰੁੱਧ ਐੱਫ਼ ਆਈ ਆਰ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਹਾਈ ਕੋਰਟ ਨੇ ਆਪਣੇ ਅੰਤਰਿਮ ਹੁਕਮ ਵਿੱਚ ਕਿਹਾ ਹੈ ਕਿ ਇਸ ਮਾਮਲੇ ਵਿੱਚ ਬੈਂਚ ਨੂੰ ਉਮੀਦ ਹੈ ਕਿ ਅਗਲੀ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਹਾਈ ਕੋਰਟ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਕੰਵਲਜੀਤ ਸਿੰਘ ਨੇ ਬੈਂਚ ਮੂਹਰੇ ਸੁਪਰੀਮ ਕੋਰਟ ਵੱਲੋਂ ਮੰਗਲਵਾਰ ਨੂੰ ਜਾਰੀ ਉਹ ਹੁਕਮ ਪੇਸ਼ ਕੀਤਾ, ਜਿਸ ਵਿੱਚ ਪਟੀਸ਼ਨਰ ਸੁਮਨ ਵੱਲੋਂ ਜਾਂਚ ਕਿਸੇ ਹੋਰ ਹਾਈ ਕੋਰਟ ਨੂੰ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ, ਪਰ ਸੁਪਰੀਮ ਕੋਰਟ ਵੱਲੋਂ ਇਸ ਤੋਂ ਇਨਕਾਰ ਕੀਤੇ ਜਾਣ ਉਪਰੰਤ ਉੱਥੋਂ ਪਟੀਸ਼ਨ ਵਾਪਸ ਲੈ ਲਈ ਗਈ।