ਜਪਾਨ ਮੇਕ ਇਨ ਇੰਡੀਆ ਪ੍ਰਤੀ ਪ੍ਰਤੀਬੱਧ : ਆਬੇ


ਨਵੀਂ ਦਿੱਲੀ/ਅਹਿਮਦਾਬਾਦ
(ਨਵਾਂ ਜ਼ਮਾਨਾ ਸਰਵਿਸ)
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਚੀਨ 'ਤੇ ਹਮਲੇ ਕਰਦਿਆਂ ਭਾਰਤ ਨਾਲ ਦੋਸਤੀ 'ਤੇ ਜ਼ੋਰ ਦਿੱਤਾ ਹੈ। ਉਨ੍ਹਾ ਕਿਹਾ ਕਿ ਤਾਕਤਵਰ ਜਪਾਨ ਭਾਰਤ ਅਤੇ ਮਜ਼ਬੂਤ ਭਾਰਤ ਜਪਾਨ ਦੇ ਹਿੱਤ ਹਨ। ਅੱਜ ਇਥੇ ਬੁਲਟ ਟਰੇਨ ਦੇ ਭੂਮੀ ਪੂਜਨ ਮੌਕੇ ਸੰਬੋਧਨ ਕਰਦਿਆਂ ਆਬੇ ਨੇ ਕਿਹਾ ਕਿ ਭਾਰਤ ਅਤੇ ਜਪਾਨ ਵਿਚਕਾਰਲਾ ਸਹਿਯੋਗ ਸਿਰਫ਼ ਦੁਵੱਲਾ ਨਹੀਂ ਰਿਹਾ ਸਗੋਂ ਇਹ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵ ਭਾਈਵਾਲੀ 'ਚ ਵਿਕਸਿਤ ਹੋਇਆ ਹੈ। ਭਾਰਤ ਅਤੇ ਜਪਾਨ ਅਜ਼ਾਦੀ, ਲੋਕਤੰਤਰ, ਮਨੁੱਖੀ ਅਧਿਕਾਰ ਅਤੇ ਕਾਨੂੰਨ ਦਾ ਨਿਯਮ ਵਰਗੀਆਂ ਬੁਨਿਆਦੀ ਕਦਰਾਂ ਕੀਮਤਾਂ ਨੂੰ ਸਾਂਝਾ ਕਰਦੇ ਹਨ।
ਭਾਰਤ ਅਤੇ ਚੀਨ ਵਿਚਕਾਰ ਹਾਲ ਦੇ ਡੋਕਲਾਮ ਵਿਵਾਦ ਮਗਰੋਂ ਆਬੇ ਨੇ ਕਿਹਾ ਕਿ ਭਾਰਤ ਅਤੇ ਜਪਾਨ ਕਈ ਏਸ਼ਿਆਈ ਪਰੰਪਰਾਵਾਂ ਦੀ ਅਗਵਾਈ ਕਰਦੇ ਹਨ, ਜਿਨ੍ਹਾਂ 'ਚ ਮੌਜੂਦਾ ਸਥਿਤੀ 'ਚ ਤਾਕਤ ਦੇ ਆਸਰੇ ਕੀਤੇ ਜਾਣ ਵਾਲੇ ਬਦਲਾਅ ਨੂੰ ਸਵੀਕਾਰ ਨਾ ਕਰਨਾ ਅਤੇ ਸਾਰੇ ਵਿਵਾਦਾਂ ਦਾ ਸ਼ਾਂਤਮਈ ਤਰੀਕੇ ਨਾਲ ਹੱਲ ਲੱਭਣਾ ਸ਼ਾਮਲ ਹੈ।
ਚੀਨ ਦੇ ਵਨ ਬੈਲਟ ਵਨ ਰੋਡ ਪ੍ਰਾਜੈਕਟ 'ਚ ਪਾਰਦਰਸ਼ਤਾ ਨਾ ਹੋਣ ਦੇ ਦੋਸ਼ਾਂ ਵਿਚਕਾਰ ਆਬੇ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਰੇ ਦੇਸ਼ ਅਜ਼ਾਦ ਅਤੇ ਖੁੱਲ੍ਹੇ ਵਿਕਾਸ ਦੀ ਇੱਛਾ ਰੱਖਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਖੇਤਰੀ ਪ੍ਰਭੂਸੱਤਾ ਦਾ ਸਨਮਾਨ ਕੀਤਾ ਜਾਵੇ ਅਤੇ ਅਜਿਹਾ ਵਿਕਾਸ ਹੋਵੇ, ਜਿਹੜਾ ਨਾਗਰਿਕਾਂ ਦੀ ਇੱਛਾ ਅਨੁਸਾਰ ਹੋਵੇ ਅਤੇ ਇਸ ਨੂੰ ਸਾਕਾਰ ਕਰਨ ਲਈ ਭਾਰਤ ਅਤੇ ਜਪਾਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਗੇ।
ਆਬੇ ਨੇ ਅੱਗੇ ਕਿਹਾ ਕਿ ਜਪਾਨ ਮੇਕ ਇਨ ਇੰਡੀਆ ਪ੍ਰਤੀ ਪ੍ਰਤੀਬੱਧ ਹੈ ਅਤੇ ਜੇ ਜਪਾਨ ਦੀ ਉੱਚ ਪੱਧਰੀ ਤਕਨੀਕ ਅਤੇ ਭਾਰਤ ਦੇ ਉੱਚ ਪੱਧਰੀ ਸਰੋਤ ਆਪਸ 'ਚ ਸਹਿਯੋਗ ਕਰਨ ਤਾਂ ਭਾਰਤ ਵਿਸ਼ਵ ਦਾ ਕਾਰਖਾਨਾ ਬਣ ਸਕਦਾ ਹੈ। ਉਨ੍ਹਾ ਐਲਾਨ ਕੀਤਾ ਕਿ ਜਪਾਨ ਦੀ ਕਾਵਾਸਾਕੀ ਹੈਵੀ ਇੰਡਸਟਰੀਜ਼ ਅਤੇ ਭਾਰਤ ਦੀ ਬੀ ਐਚ ਈ ਐਲ ਭਾਰਤ 'ਚ ਹਾਈ ਸਪੀਡ ਟਰੇਨ ਦਾ ਰੋਲਿੰਗ ਸਟਾਕ ਬਣਾਉਣ ਲਈ ਆਪਸ 'ਚ ਸਹਿਯੋਗ ਕਰਨਗੇ। ਉਨ੍ਹਾ ਕਿਹਾ ਕਿ ਪੂਰੇ ਭਾਰਤ 'ਚ ਬੁਲਟ ਟਰੇਨ ਸੇਵਾ ਦਾ ਪ੍ਰਸਾਰ ਕਰਨ ਲਈ ਜਪਾਨ ਦੀਆਂ ਕੰਪਨੀਆਂ ਅਤੇ ਸਰਕਾਰ ਸਖ਼ਤ ਮਿਹਨਤ ਕਰਨ ਲਈ ਤਿਆਰ ਹਨ। ਉਨ੍ਹਾ ਕਿਹਾ ਕਿ ਜਪਾਨ ਦੇ ਰੇਲ ਸੁਰੱਖਿਆ ਬਾਰੇ ਗਿਆਨ ਨਾਲ ਭਾਰਤ 'ਚ ਰੇਲ ਸੇਵਾ ਸੁਰੱਖਿਅਤ ਬਣਾਉਣ 'ਚ ਮਦਦ ਮਿਲੇਗੀ।